ਬਾਬਾ ਸਾਹਿਬ ਦੀ ਬਦੌਲਤ ਸਾਨੂੰ ਵੋਟ ਦਾ ਅਧਿਕਾਰ ਮਿਲਿਆ : ਡੀ. ਸੀ

Monday, Apr 15, 2019 - 03:56 AM (IST)

ਬਾਬਾ ਸਾਹਿਬ ਦੀ ਬਦੌਲਤ ਸਾਨੂੰ ਵੋਟ ਦਾ ਅਧਿਕਾਰ ਮਿਲਿਆ : ਡੀ. ਸੀ
ਫਿਰੋਜ਼ਪੁਰ (ਕੁਮਾਰ)-ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਦੇਸ਼ ਦੇ ਸੰਵਿਧਾਨ ਦੀ ਰਚਨਾ ਕੀਤੀ, ਜਿਸ ਤਹਿਤ ਸਾਨੂੰ ਬਤੌਰ ਨਾਗਰਿਕ ਵੋਟ ਪਾ ਕੇ ਸਰਕਾਰ ਚੁਣਨ ਦਾ ਮੌਕਾ ਮਿਲਿਆ। ਇਸ ਲਈ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਇਹ ਹੀ ਹੋਵੇਗੀ ਕਿ ਅਸੀਂ ਉਨ੍ਹਾਂ ਵੱਲੋਂ ਦਿੱਤੇ ਗਏ ਅਧਿਕਾਰ ਦਾ 19 ਮਈ ਨੂੰ ਮਤਦਾਨ ਵਾਲੇ ਦਿਨ ਖੱੁਲ੍ਹ ਕੇ ਆਪਣੀ ਵੋਟ ਦਾ ਇਸਤੇਮਾਲ ਕਰੀਏ। ਇਹ ਅਪੀਲ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ 128ਵੇਂ ਜਨਮ ਦਿਨ ’ਤੇ ਜ਼ਿਲੇ ਦੇ ਲੋਕਾਂ ਨੂੰ ਕੀਤੀ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਸੰਵਿਧਾਨ ਦੀ ਰਚਨਾ ਕਰ ਕੇ ਦੇਸ਼ ਦੀ ਤਰੱਕੀ ਵਿਚ ਇਕ ਵੱਡਾ ਯੋਗਦਾਨ ਦਿੱਤਾ ਹੈ। ਇਸ ਕਾਰਨ ਸਮਾਜ ਦੇ ਕਈ ਵਰਗਾਂ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰ ਬਾਬਾ ਸਾਹਿਬ ਦੇ ਯੋਗਦਾਨ ਨੂੰ ਕਦੇ ਵੀ ਨਹੀਂ ਭੁੱਲ ਸਕਦਾ। ਡਿਪਟੀ ਕਮਿਸ਼ਨਰ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਲੱਗੀ ਬਾਬਾ ਸਾਹਿਬ ਦੀ ਪ੍ਰਤਿਮਾ ਨੂੰ ਫੁੱਲ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨਾਲ ਸਹਾਇਕ ਕਮਿਸ਼ਨਰ ਰਣਜੀਤ ਸਿੰਘ, ਐੱਸ.ਡੀ.ਐੱਮ ਅਮਿਤ ਗੁਪਤਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਵੀ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਟੇਟ ਐਵਾਰਡੀ ਓਮ ਪ੍ਰਕਾਸ਼ ਵੱਲੋਂ ਲਿਖੀ ਬਾਬਾ ਸਾਹਿਬ ਦੀ ਕਿਤਾਬ ਯੱੁਗ ਪੁਰਸ਼ ਡਾ.ਅੰਬੇਡਕਰ ਰਿਲੀਜ਼ ਕੀਤੀ। ਉਨ੍ਹਾਂ ਨੌਜਵਾਨ ਪੀਡ਼੍ਹੀ ਨੂੰ ਬਾਬਾ ਸਾਹਿਬ ਦੇ ਜੀਵਨ ਤੋਂ ਜਾਣੂ ਕਰਵਾਉਣ ਲਈ ਕੀਤੇ ਇਸ ਤਰ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਡਿਪਟੀ ਕਮਿਸ਼ਨਰ ਚੰਦਰ ਗੈਂਦ ਡਾ. ਬੀ. ਆਰ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋੲੇ। (ਕੁਮਾਰ)

Related News