ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼; 5.11 ਕਿਲੋ ਹੈਰੋਇਨ ਸਮੇਤ ਇੱਕ ਕਾਬੂ
Saturday, Dec 27, 2025 - 08:16 PM (IST)
ਜਲਾਲਾਬਾਦ (ਆਦਰਸ਼ ਜੋਸਨ, ਜਤਿੰਦਰ) - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.), ਫਾਜ਼ਿਲਕਾ ਨੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਇੱਕ ਨਸ਼ਾ ਤਸਕਰ ਨੂੰ 5.11 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਬਲਜੀਤ ਸਿੰਘ ਵਾਸੀ ਪਿੰਡ ਢਾਂਡੀ ਕਦੀਮ, ਜਲਾਲਾਬਾਦ, ਫਾਜ਼ਿਲਕਾ ਵਜੋਂ ਹੋਈ ਹੈ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਖੇਪ ਪਾਕਿਸਤਾਨ ਅਧਾਰਤ ਤਸਕਰਾਂ ਵੱਲੋਂ ਡਰੋਨ ਰਾਹੀਂ ਭੇਜੀ ਗਈ ਸੀ। ਡੀ.ਜੀ.ਪੀ. ਨੇ ਕਿਹਾ ਕਿ ਇਹ ਖੇਪ ਅੱਗੇ ਸੂਬੇ ਭਰ ਵਿੱਚ ਡਿਲੀਵਰ ਕੀਤੀ ਜਾਣੀ ਸੀ। ਉਨ੍ਹਾਂ ਕਿਹਾ ਕਿ ਇਸ ਨੈੱਟਵਰਕ ਦੇ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।
ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਏ.ਆਈ.ਜੀ. ਐਸ.ਐਸ.ਓ.ਸੀ. ਫਾਜ਼ਿਲਕਾ ਗੁਰਸੇਵਕ ਸਿੰਘ ਨੇ ਦੱਸਿਆ ਕਿ ਖਾਸ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ, ਐਸ.ਐਸ.ਓ.ਸੀ. ਫਾਜ਼ਿਲਕਾ ਦੀ ਪੁਲਸ ਟੀਮ ਨੇ ਬੀ.ਐਸ.ਐਫ. ਨਾਲ ਮਿਲ ਕੇ ਜਲਾਲਾਬਾਦ ਖੇਤਰ ਵਿੱਚ ਵਿਸ਼ੇਸ਼ ਗੁਪਤ ਆਪਰੇਸ਼ਨ ਚਲਾਇਆ। ਇਸ ਆਪਰੇਸ਼ਨ ਦੌਰਾਨ, ਸ਼ੱਕੀ ਵਿਅਕਤੀ ਨੂੰ ਫਾਜ਼ਿਲਕਾ ਦੇ ਪਿੰਡ ਢਾਂਡੀ ਕਦੀਮ ਦੇ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਦੀ ਨਿੱਜੀ ਤਲਾਸ਼ੀ ਦੌਰਾਨ, ਉਸ ਕੋਲੋਂ 5.11 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਇਸ ਸਬੰਧੀ, ਐਫਆਈਆਰ ਨੰਬਰ 21 ਮਿਤੀ 27-12-2025 ਨੂੰ ਥਾਣਾ ਐਸ.ਐਸ.ਓ.ਸੀ. ਫਾਜ਼ਿਲਕਾ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21-ਸੀ ਤਹਿਤ ਦਰਜ ਕੀਤੀ ਗਈ ਹੈ।
