ਕਹਿਰ ਓ ਰੱਬਾ! ਜਿਹੜੇ ਪੁੱਤ ਦੇ ਵਿਆਹ ਦੇ ਕਾਰਡ ਵੰਡਦਾ ਫ਼ਿਰਦਾ ਸੀ ਪਰਿਵਾਰ, ਉਸੇ ਦਾ ਕਰਨਾ ਪੈ ਗਿਆ ਸਸਕਾਰ

Sunday, Dec 28, 2025 - 03:56 PM (IST)

ਕਹਿਰ ਓ ਰੱਬਾ! ਜਿਹੜੇ ਪੁੱਤ ਦੇ ਵਿਆਹ ਦੇ ਕਾਰਡ ਵੰਡਦਾ ਫ਼ਿਰਦਾ ਸੀ ਪਰਿਵਾਰ, ਉਸੇ ਦਾ ਕਰਨਾ ਪੈ ਗਿਆ ਸਸਕਾਰ

ਫਾਜ਼ਿਲਕਾ (ਸੁਨੀਲ ਨਾਗਪਾਲ): ਫਾਜ਼ਿਲਕਾ ਦੇ ਪਿੰਡ ਝੁੱਗੇ ਗੁਲਾਬ ਸਿੰਘ ਦੇ ਵਸਨੀਕ ਅਤੇ ਮੇਘਾਲਿਆ ਦੇ ਸ਼ਿਲਾਂਗ ਵਿਚ ਤਾਇਨਾਤ ਰਾਜਿੰਦਰ ਸਿੰਘ ਦੀ ਦੇਹ ਨੂੰ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਲਿਆਂਦਾ ਗਿਆ ਅਤੇ ਫਿਰ ਫਾਜ਼ਿਲਕਾ ਦੇ ਪਿੰਡ ਝੁੱਗੇ ਗੁਲਾਬ ਸਿੰਘ ਲਿਆਂਦਾ ਗਿਆ। ਅੱਜ ਸਥਾਨਕ ਸ਼ਮਸ਼ਾਨਘਾਟ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪਹੁੰਚੇ ਵਿਧਾਇਕ ਨਰਿੰਦਰਪਾਲ ਸਵਨਾ ਨੇ ਅਰਥੀ ਨੂੰ ਮੋਢਾ ਦਿੱਤਾ। ਪਰਿਵਾਰ ਦਾ ਹਾਲ ਵੇਖ ਮੌਕੇ 'ਤੇ ਮੌਜੂਦ ਹਰ ਪਿੰਡ ਵਾਸੀ ਦੀ ਅੱਖ ਨਮ ਸੀ। ਰਾਜਨੀਤਿਕ ਆਗੂਆਂ ਅਤੇ ਬੀ.ਐੱਸ.ਐੱਫ. ਜਵਾਨਾਂ ਨੇ ਸ਼ਹੀਦ ਸਿਪਾਹੀ ਰਾਜਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।

ਸ਼ਹੀਦ ਰਜਿੰਦਰ ਸਿੰਘ ਦੇ ਪਿਤਾ ਹਰਨਾਮ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਮੇਘਾਲਿਆ ਦੇ ਸ਼ਿਲਾਂਗ ਵਿਚ ਬੀ.ਐੱਸ.ਐੱਫ. ਵਿਚ ਤਾਇਨਾਤ ਸੀ। ਉਹ ਦੋ ਦਿਨ ਪਹਿਲਾਂ ਸ਼ਹੀਦ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਵਿਚ ਦੇਸ਼ ਭਗਤੀ ਦੀ ਭਾਵਨਾ ਬਹੁਤ ਮਜ਼ਬੂਤ ​​ਸੀ ਅਤੇ ਉਹ ਸ਼ੁਰੂ ਤੋਂ ਹੀ ਦੇਸ਼ ਦੀ ਸੇਵਾ ਲਈ ਸਮਰਪਿਤ ਸੀ, ਇਸੇ ਕਰਕੇ ਉਹ ਬੀ.ਐੱਸ.ਐੱਫ. ਵਿਚ ਭਰਤੀ ਹੋਇਆ। ਹਾਲਾਂਕਿ ਉਨ੍ਹਾਂ ਦੇ ਪੁੱਤਰ ਨੇ ਅੱਜ ਸ਼ਹਾਦਤ ਪ੍ਰਾਪਤ ਕੀਤੀ ਹੈ, ਪਰ ਉਨ੍ਹਾਂ ਨੂੰ ਆਪਣੇ ਪੁੱਤਰ 'ਤੇ ਮਾਣ ਹੈ। ਦੁੱਖ ਦੀ ਗੱਲ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਵਿਆਹ 3 ਫਰਵਰੀ ਨੂੰ ਹੋਣਾ ਸੀ ਅਤੇ ਸਾਰੀਆਂ ਤਿਆਰੀਆਂ ਪਹਿਲਾਂ ਹੀ ਚੱਲ ਰਹੀਆਂ ਸਨ। ਉਹ ਤਾਂ ਚਾਵਾਂ ਨਾਲ ਪੁੱਤ ਦੇ ਵਿਆਹ ਦੇ ਕਾਰਡ ਵੰਡ ਰਹੇ ਸਨ, ਪਰ ਉਨ੍ਸ ਦੀ ਮੌਤ ਦੀ ਅਚਾਨਕ ਖ਼ਬਰ ਆਉਣ ਨਾਲ ਸਦਮਾ ਲੱਗਾ। ਅੱਜ ਸ਼ਹੀਦ ਰਜਿੰਦਰ ਸਿੰਘ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਉਹ ਇਸ ਸਮੇਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਆਪਣੇ ਬਚੇ ਹੋਏ ਪੁੱਤਰ ਅਤੇ ਧੀ ਲਈ ਸਹਾਇਤਾ ਦੀ ਅਪੀਲ ਕਰ ਰਹੇ ਹਨ। ਫਾਜ਼ਿਲਕਾ ਤੋਂ 'ਆਪ' ਵਿਧਾਇਕ ਨਰਿੰਦਰਪਾਲ ਸਵਨਾ ਮੌਕੇ 'ਤੇ ਪਹੁੰਚੇ, ਸ਼ਹੀਦ ਰਜਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਮੋਢਾ ਦਿੱਤਾ ਅਤੇ ਪਰਿਵਾਰ ਲਈ ਆਪਣਾ ਸਮਰਥਨ ਪ੍ਰਗਟ ਕੀਤਾ ਅਤੇ ਡੂੰਘੀ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। 

ਬੀਐਸਐਫ ਦੀ 193 ਬਟਾਲੀਅਨ ਤੋਂ ਰਾਜਿੰਦਰ ਸਿੰਘ ਦੀ ਲਾਸ਼ ਲਿਆਉਣ ਵਾਲੇ ਏ.ਐੱਸ.ਆਈ. ਤਾਰਾ ਸਿੰਘ ਨੇ ਕਿਹਾ ਕਿ ਉਹ ਛੁੱਟੀ 'ਤੇ ਬਠਿੰਡਾ ਵਾਪਸ ਆ ਰਹੇ ਸਨ, ਜਦੋਂ ਉਨ੍ਹਾਂ ਨੂੰ ਹੈੱਡਕੁਆਰਟਰ ਤੋਂ ਫ਼ੋਨ ਆਇਆ ਤੇ ਵਾਪਸ ਆਉਣ ਲਈ ਕਿਹਾ ਗਿਆ। ਉਹ ਅੱਧ ਵਿਚਕਾਰੋਂ ਹੀ ਸ਼ਿਲਾਂਗ ਵਾਪਸ ਆ ਗਏ। ਉਹ ਮੌਕੇ 'ਤੇ ਪਹੁੰਚੇ ਅਤੇ ਤੁਰੰਤ ਰਾਜਿੰਦਰ ਦੀ ਮ੍ਰਿਤਕ ਦੇਹ ਲੈ ਕੇ ਫਾਜ਼ਿਲਕਾ ਲਈ ਰਵਾਨਾ ਹੋਏ। ਉਨ੍ਹਾਂ ਦੱਸਿਆ ਕਿ ਰਾਜਿੰਦਰ ਸਿੰਘ ਉਨ੍ਹਾਂ ਨਾਲ ਤਾਇਨਾਤ ਸੀ ਅਤੇ ਬਿਹਾਰ ਚੋਣਾਂ ਦੌਰਾਨ ਉਨ੍ਹਾਂ ਨਾਲ ਸੇਵਾ ਨਿਭਾਈ ਸੀ। ਉਹ ਹੁਣ ਸ਼ਿਲਾਂਗ, ਮੇਘਾਲਿਆ ਵਿਚ ਡਿਊਟੀ 'ਤੇ ਸਨ। 


author

Anmol Tagra

Content Editor

Related News