ਗ਼ਰੀਬ ਦੀ ਕੁੱਲੀ ਚੜ੍ਹੀ ਅੱਗ ਦੀ ਭੇਂਟ, ਲੱਖਾਂ ਰੁਪਏ ਦਾ ਸਮਾਨ ਸੜ ਕੇ ਹੋਇਆ ਰਾਖ਼

Saturday, May 15, 2021 - 12:48 PM (IST)

ਗ਼ਰੀਬ ਦੀ ਕੁੱਲੀ ਚੜ੍ਹੀ ਅੱਗ ਦੀ ਭੇਂਟ, ਲੱਖਾਂ ਰੁਪਏ ਦਾ ਸਮਾਨ ਸੜ ਕੇ ਹੋਇਆ ਰਾਖ਼

 ਬਾਘਾ ਪੁਰਾਣਾ (ਮੁਨੀਸ਼) : ਇਕ ਪਾਸੇ ਤਾਂ ਪੂਰੇ ਵਿਸ਼ਵ ’ਚ ਕੋਰੋਨਾ ਮਹਾਮਾਰੀ ਨੇ ਗਰੀਬ ਲੋਕਾਂ ਨੂੰ ਸੂਲੀ ’ਤੇ ਚੜਾਇਆ ਹੋਇਆ ਕਿਉਂਕਿ ਕੰਮਕਾਜ ਪੂਰੀ ਤਰ੍ਹਾਂ ਠੱਪ ਹੋਣ ਕਾਰਣ ਕਈ ਗਰੀਬ ਤਾਂ ਦੋ ਸਮੇਂ ਦੀ ਰੋਟੀ ਦੇ ਵੀ ਮੁਥਾਜ ਹੋਏ ਬੈਠੇ ਹਨ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਸੂਬੇ ’ਚ ਮਹਿੰਗਾਈ ਦੀ ਅਜਿਹੀ ਮਾਰ ਪਾਈ ਹੈ ਕਿ ਗਰੀਬ ਲੋਕਾਂ ਨੂੰ ਰੋਟੀ ਖਾਣ ਲਈ ਕਈ ਤਰ੍ਹਾਂ ਦੇ ਲਾਲੇ-ਪੇਪੇ ਕਰਨੇ ਪੈ ਰਹੇ ਹਨ ਪਰ ਜਦੋਂ ਇਸ ਤਰ੍ਹਾਂ ਦੇ ਹਾਲਾਤ ’ਚ ਕਿਸੇ ਗਰੀਬ ਪਰਿਵਾਰ ’ਤੇ ਕੁਦਰਤੀ ਮਾਰ ਪੈ ਜਾਵੇ ਤਾਂ ਉਸ ਦਾ ਦੁਨੀਆ ’ਤੇ ਜਿਉਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਦੱਸ ਦਈਏ ਕਿ ਇਥੋਂ ਦੇ ਨੇੜਲੇ ਪਿੰਡ ਗਿੱਲ ਦੇ ਇਕ ਗਰੀਬ ਪਰਿਵਾਰ ’ਤੇ ਅਜਿਹੀ ਕੁਦਰਤੀ ਮਾਰ ਪਈ ਹੈ ਕਿ ਬੀਤੀ ਰਾਤ ਪਿੰਡ ਗਿੱਲ ਦੇ ਨਿਵਾਸੀ ਬੂਟਾ ਸਿੰਘ ਪੁੱਤਰ ਗੁਰਾ ਸਿੰਘ ਦੇ ਘਰ ਵਿਚ ਅੱਗ ਲੱਗ ਜਾਣ ਕਾਰਣ ਗਰੀਬ ਪਰਿਵਾਰ ਦਾ ਲੱਖਾਂ ਰੁਪਏ ਦਾ ਘਰ ਦਾ ਸਮਾਨ ਸੜ ਕੇ ਰਾਖ਼ ਹੋ ਗਿਆ ਅਤੇ ਭਾਰੀ ਨੁਕਸਾਨ ਹੋਇਆ ਹੈ।

PunjabKesari

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬੂਟਾ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਬੀਤੀ ਰਾਤ ਜਦੋਂ ਅਸੀਂ ਰੋਟੀ-ਪਾਣੀ ਖਾ ਕੇ ਗਰਮੀ ਦੇ ਕਾਰਣ ਆਪਣੇ ਘਰ ਦੇ ਕਮਰੇ ਤੋਂ ਬਾਹਰ ਆ ਕੇ ਸੋ ਗਏ ਤਾਂ ਕੁਝ ਸਮੇਂ ਬਾਅਦ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਘਰ ਦੇ ਕਮਰੇ ’ਚ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ, ਜਿਸ ਤੋਂ ਬਾਅਦ ਮੈਂ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਜਗਾਉਣ ਦੇ ਇਲਾਵਾ ਰੋਲਾ ਪਾਇਆ ਤਾਂ ਆਸ-ਪਾਸ ਦੇ ਘਰਾਂ ਦੇ ਲੋਕ ਵੀ ਇਕੱਠੇ ਹੋ ਗਏ, ਜਿਨ੍ਹਾਂ ਨੇ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਤਾਂ ਉਸ ਸਮੇਂ ਤੱਕ ਅੰਦਰ ਪਿਆ ਸਾਰਾ ਸਮਾਨ ਬਿਲਕੁੱਲ ਸੜ ਕੇ ਸੁਆਹ ਬਣ ਚੁੱਕਾ ਸੀ। ਸੜਨ ਵਾਲੇ ਸਮਾਨ ਵਿਚ ਫਰਿੱਜ, ਪੇਟੀ ’ਚ ਪਿਆ ਸਾਰਾ ਸਮਾਨ, ਕਪੜੇ, ਰਜਾਈਆਂ, ਮੋਟਰ ਸਾਈਕਲ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਅਜੇ ਤੱਕ ਘਰ ਨੂੰ ਅੱਗ ਲੱਗਣ ਦੇ ਕਾਰਣਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ।

PunjabKesari

ਇੱਕੋ-ਇਕ ਕਮਰਾ ਸੀ ਉਹ ਵੀ ਚੜਿਆ ਅੱਗ ਦੀ ਭੇਟ
ਘਟਨਾ ਵਾਲੀ ਮੌਜੂਦ ਜਗ੍ਹਾ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿ ਪਿੰਡ ਦੇ ਹਰਦੇਵ ਸਿੰਘ ਮੈਂਬਰ, ਸਾਬਕਾ ਮੈਂਬਰ ਗੁਰਮੀਤ ਸਿੰਘ, ਸਾਬਕਾ ਸਰਪੰਚ ਮੇਜਰ ਸਿੰਘ, ਪ੍ਰਧਾਨ ਬੂਟਾ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਗਰੀਬ ਪਰਿਵਾਰ ਕੋਲ ਸਿਰਫ਼ ਇੱਕ-ਇੱਕੋ ਕਮਰਾ ਸੀ, ਉਹ ਵੀ ਅੱਗ ਦੀ ਭੇਟ ਚੜ ਗਿਆ। ਉਨ੍ਹਾਂ ਦੱਸਿਆ ਕਿ ਉਸ ਕਮਰੇ ’ਚ ਪਰਿਵਾਰ ਦੇ 6 ਮੈਂਬਰ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਕਰਦੇ ਸਨ ਅਤੇ ਅੱਗ ਲੱਗਣ ਦੇ ਬਾਅਦ ਉਹ ਕਮਰਾ ਇਸ ਪਰਿਵਾਰ ਦੇ ਲਈ ਬਿਲਕੁੱਲ ਰਹਿਣਯੋਗ ਨਹੀਂ ਬਚਿਆ। ਗਰੀਬ ਪਰਿਵਾਰ ਨਾਲ ਵਾਪਰੀ ਅੱਗ ਦੀ ਘਟਨਾ ’ਤੇ ਪਿੰਡ ਦੇ ਉਕਤ ਮੋਹਤਬਾਰ ਵਿਅਕਤੀਆਂ ਨੇ ਅਫਸੋਸ ਪ੍ਰਗਟ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ, ਐੱਸ. ਡੀ. ਐੱਮ ਬਾਘਾ ਪੁਰਾਣਾ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਕਿ ਉਕਤ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਮਾਲੀ ਮਦਦ ਕੀਤੀ ਜਾਵੇ । ਸਰਕਾਰ ਤੋਂ ਵੀ ਮੁਆਵਜਾ ਵੀ ਦਿਵਾਇਆ ਜਾਵੇ ਤਾਂ ਜੋ ਗਰੀਬ ਪਰਿਵਾਰ ਮੁੜ ਤੋਂ ਆਪਣੇ ਪੈਰਾਂ ਸਿਰ ਖੜਾ ਹੋ ਸਕੇ।


author

Anuradha

Content Editor

Related News