ਕਰਤਾਰਪੁਰ ਨੇੜੇ ਟ੍ਰੇਨ ਦੇ ਡੱਬਿਆਂ ਨੂੰ ਲੱਗੀ ਅੱਗ, ਯਾਤਰੀ ਸੁਰੱਖਿਅਤ
Thursday, Dec 19, 2019 - 12:48 AM (IST)

ਕਰਤਾਰਪੁਰ (ਵਿਕਰਮ, ਗੁਲਸ਼ਨ)- ਕਰਤਾਰਪੁਰ ਨੇੜੇ ਟ੍ਰੇਨ ਦੇ ਡੱਬੇ ਨੂੰ ਅੱਗ ਲੱਗਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਫਲਾਈਂਗ ਮੇਲ ਐਕਸਪ੍ਰੈਸ ਦੇ ਸਲੀਪਰ ਕੋਚ ਵਿਚ ਲੱਗੀ ਹੈ ਅਤੇ ਇਹ ਟ੍ਰੇਨ ਕਰਤਾਰਪੁਰ ਨੇੜੇ ਖੜ੍ਹੀ ਹੈ। ਸੂਚਨਾ ਮਿਲਦਿਆਂ ਹੀ ਮੌਕੇ 'ਤੇ ਰੇਲਵੇ ਦੇ ਉੱਚ ਅਧਿਕਾਰੀ ਪਹੁੰਚ ਚੁੱਕੇ ਹਨ। ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ। ਏ.ਐਸ.ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਟ੍ਰੇਨ ਦੇ ਸਲੀਪਰ ਕੋਚ ਦੇ 3 ਡੱਬਿਆਂ ਨੂੰ ਭਿਆਨਕ ਤਰੀਕੇ ਨਾਲ ਅੱਗ ਲੱਗੀ ਹੈ।
ਥਾਣਾ ਕਰਤਾਰਪੁਰ ਦੇ ਐਸ.ਐਚ.ਓ. ਪੁਸ਼ਪ ਬਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਟ੍ਰੇਨ ਦੀਆਂ ਬੋਗੀਆਂ ਵਿਚ ਅੱਗ ਲੱਗਣ ਦੀ ਇਤਲਾਹ ਮਿਲੀ ਸੀ। ਜਿਸ ਤੋਂ ਬਾਅਦ ਉਹ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਮੌਕੇ 'ਤੇ ਬੁਲਾਇਆ। ਇਕ ਬੋਗੀ ਵਿਚੋਂ ਅੱਗ ਨੂੰ ਬੁਝਾਉਣ ਤੋਂ ਬਾਅਦ ਬਾਕੀ ਦੀਆਂ ਦੋ ਹੋਰ ਬੋਗੀਆਂ ਜੋ ਅੱਗ ਦੀ ਲਪੇਟ ਵਿਚ ਸਨ, ਵਿਚੋਂ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਫਿਲਹਾਲ ਇਸ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਰੇਲਵੇ ਨੂੰ ਇਸ ਵਿਚ ਕਿੰਨਾ ਨੁਕਸਾਨ ਹੋਇਆ ਇਸ ਬਾਰੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਵੀ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਯਾਤਰੀਆਂ ਲਈ ਸਪੈਸ਼ਲ ਟਰੇਨ ਲਈ ਸਟੇਸ਼ਨ ਮਾਸਟਰ ਨੂੰ ਇਤਲਾਹ ਕਰ ਦਿੱਤੀ ਗਈ ਹੈ, ਸਟੇਸ਼ਨ ਤੋਂ ਆਈ ਟ੍ਰੇਨ ਰਾਹੀਂ ਯਾਤਰੀਆਂ ਨੂੰ ਅੰਮ੍ਰਿਤਸਰ ਭੇਜਿਆ ਜਾਵੇਗਾ।