ਜਲੰਧਰ: ਇੰਡੀਅਨ ਗੈਸ ਏਜੰਸੀ ਦੇ ਗੋਦਾਮ 'ਚ ਲੱਗੀ ਅੱਗ, ਮਚੀ ਹਫੜਾ-ਦਫੜੀ
Sunday, Jan 14, 2018 - 01:03 PM (IST)
ਜਲੰਧਰ(ਪ੍ਰੀਤ)— ਇਥੋਂ ਦੇ ਪਿੰਡ ਮੁਬਾਰਕਪੁਰ ਸ਼ੇਖੇ 'ਚ ਸਥਿਤ ਇੰਡੀਅਨ ਗੈਸ ਏਜੰਸੀ ਦੇ ਗੋਦਾਮ 'ਚ ਸ਼ਨੀਵਾਰ ਸਵੇਰੇ ਅਚਾਨਕ ਅੱਗ ਲੱਗਣ ਨਾਲ ਹਫੜਾ-ਦਫੜੀ ਮਚ ਗਈ। ਧਮਾਕੇ ਨਾਲ ਉਥੇ ਕੰਮ ਕਰ ਰਹੇ ਕਈ ਮੁਲਾਜ਼ਮ ਝੁਲਸ ਗਏ। ਇਨ੍ਹਾਂ 'ਚ ਇਕ ਮਹਿਲਾ ਵੀ ਸ਼ਾਮਲ ਹੈ। ਝੁਲਸੇ ਲੋਕਾਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਗੋਦਾਮ 'ਚ ਕੰਮ ਕਰ ਰਹੇ ਇਕ ਜ਼ਖਮੀ ਵਿਅਕਤੀ ਨੇ ਦੱਸਿਆ ਕਿ ਜਿਵੇਂ ਹੀ ਇਥੇ ਸਵੇਰੇ ਕੰਮ ਸ਼ੁਰੂ ਹੋਇਆ ਅਤੇ ਇਕ ਮੁਲਾਜ਼ਮ ਸਿਲੰਡਰ ਨੂੰ ਰਿਪੇਅਰ ਕਰਨ ਲਈ ਉਸ ਨੂੰ ਵੈਲਡਿੰਗ ਕਰਨ ਲੱਗਾ ਤਾਂ ਅਚਾਨਕ ਉਸ 'ਚ ਪਈ ਗੈਸ ਕਾਰਨ ਸਿਲੰਡਰ ਫੱਟ ਗਿਆ ਅਤੇ ਅੱਗ ਲੱਗ ਗਈ। ਧਮਾਕੇ ਦੇ ਨਾਲ ਇਕ ਕੰਧ ਵੀ ਡਿੱਗ ਗਈ। ਚਾਰੇ ਪਾਸੇ ਗੈਸ ਸਿਲੰਡਰ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਅੱਗ ਲੱਗਣ ਨਾਲ ਉਥੇ ਕੰਮ ਕਰ ਰਹੇ 21 ਕਰਮਚਾਰੀ ਝੁਲਸ ਗਏ। ਜ਼ੋਰਦਾਰ ਬਲਾਸਟ ਦੀ ਸੂਚਨਾ ਮਿਲਦੇ ਹੀ ਡੀ. ਸੀ. ਵਰਿੰਦਰ ਕੁਮਾਰ, ਐੱਸ. ਪੀ. ਬਲਕਾਰ ਸਿੰਘ, ਡੀ. ਐੱਸ. ਪੀ. ਕਰਤਾਰਪੁਰ ਸਰਬਜੀਤ ਸਿੰਘ ਰਾਏ, ਥਾਣਾ ਮਕਸੂਦਾਂ ਦੇ ਏ. ਐੱਸ. ਆਈ. ਰਵੀ ਭੱਟੀ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਵਿਭਾਗ ਤੇ 108 ਐਂਬੂਲੈਂਸ ਨੂੰ ਸੂਚਿਤ ਕੀਤਾ। ਅੱਗ ਲੱਗਣ ਕਾਰਨ ਝੁਲਸੇ ਕਰਮਚਾਰੀਆਂ ਨੂੰ ਪ੍ਰਾਈਵੇਟ ਤੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਫਾਇਰ ਬ੍ਰਿਗੇਡ ਕਰਮਚਾਰੀਆਂ ਮੁਤਾਬਕ ਅੱਗ ਨੂੰ ਕਾਬੂ ਪਾਉਣ ਵਿਚ ਕਰੀਬ 8 ਗੱਡੀਆਂ ਲੱਗੀਆਂ ਅਤੇ ਡੇਢ ਘੰਟੇ ਵਿਚ ਅੱਗ 'ਤੇ ਕਾਬੂ ਪਾਇਆ ਗਿਆ।
ਇਹ ਕਰਮਚਾਰੀ ਝੁਲਸੇ: ਰਾਮ ਪ੍ਰਵੇਸ਼, ਉਨ੍ਹਾਂ ਦਾ ਪੁੱਤਰ ਅਨਿਲ ਪ੍ਰਸਾਦ, ਕਮਲੇਸ਼, ਛੋਟੂ ਸਿੰਘ, ਰਮੇਸ਼ ਪ੍ਰਸਾਦ, ਜੁਲਨ ਸਿੰਘ, ਰਾਜੂ, ਭੋਲਾ ਸਿੰਘ, ਧਮਿੰਦਰ, ਰਾਮ ਪ੍ਰਸਾਦ, ਵੀਰ ਬਹਾਦਰ, ਸੁਰਿੰਦਰ, ਭਗਵਾਨ ਦਾਸ, ਪ੍ਰੇਮ ਸਾਗਰ, ਰਣਜੀਤ, ਰਾਮ ਸ਼੍ਰੀਵਾਸਤਵ, ਅਖਿਲੇਸ਼ ਅਤੇ ਰਾਮਪਾਲ ਅੱਗ ਦੀ ਲਪੇਟ ਵਿਚ ਆ ਗਏ। ਝੁਲਸੇ ਕਰਮਚਾਰੀਆਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਗਈ ਹੈ।
ਪਰਿਵਾਰਕ ਮੈਂਬਰਾਂ ਨੂੰ ਮਿਲਣ ਆਈ ਵਿਦਿਆਰਥਣ ਝੁਲਸੀ
ਬਲਾਸਟ ਦੇ ਨਾਲ ਲੱਗੀ ਅੱਗ 'ਚ 12ਵੀਂ ਦੀ ਵਿਦਿਆਰਥਣ ਪੂਨਮ ਪੁੱਤਰੀ ਰਾਮ ਪ੍ਰਵੇਸ਼ ਵੀ ਝੁਲਸ ਗਈ। ਪੂਨਮ ਨੇ ਦੱਸਿਆ ਕਿ ਗੋਦਾਮ ਵਿਚ ਪਿਤਾ ਅਤੇ ਭਰਾ ਕੰਮ ਕਰਦੇ ਹਨ। ਉਹ ਉਨ੍ਹਾਂ ਨੂੰ ਮਿਲ ਕੇ ਬਾਹਰ ਆ ਰਹੀ ਸੀ ਕਿ ਜ਼ੋਰਦਾਰ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਅੱਗ ਦੀ ਲਪੇਟ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ।

ਨਹੀਂ ਪਹੁੰਚੀ ਐਂਬੂਲੈਂਸ, ਲੋਕਾਂ ਨੇ ਜ਼ਖਮੀਆਂ ਨੂੰ ਪਹੁੰਚਾਇਆ ਹਸਪਤਾਲ
ਜ਼ੋਰਦਾਰ ਧਮਾਕੇ ਨਾਲ ਲੱਗੀ ਅੱਗ ਕਾਰਨ ਆਲੇ-ਦੁਆਲੇ ਪਿੰਡਾਂ ਦੇ ਲੋਕ ਮੌਕੇ 'ਤੇ ਪਹੁੰਚ ਗਏ। ਐਂਬੂਲੈਂਸ ਲਈ ਫੋਨ ਕੀਤਾ ਗਿਆ ਪਰ ਐਂਬੂਲੈਂਸ ਸਮੇਂ 'ਤੇ ਨਹੀਂ ਪਹੁੰਚੀ ਤਾਂ ਜ਼ਖਮੀਆਂ ਦੀ ਹਾਲਤ ਵਿਗੜਦੀ ਦੇਖ ਕੇ ਪਿੰਡ ਦੇ ਲੋਕਾਂ ਨੇ ਆਪਣੇ ਵਾਹਨਾਂ 'ਤੇ ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਪਹੁੰਚਾਇਆ। ਜ਼ਿਲੇ ਦੇ ਡੀ. ਸੀ. ਸਿਵਲ ਹਸਪਤਾਲ 'ਚ ਜ਼ਖਮੀਆਂ ਦਾ ਹਾਲਚਾਲ ਪੁੱਛਣ ਪਹੁੰਚੇ ਅਤੇ ਡਾਕਟਰਾਂ ਨੂੰ ਮਰੀਜ਼ਾਂ ਵੱਲ ਵਿਸ਼ੇਸ਼ ਤੌਰ 'ਤੇ ਤਵੱਜੋ ਦੇਣ ਲਈ ਕਿਹਾ।
ਗੋਦਾਮ 'ਚ ਲੱਗੇ ਸਨ ਐਕਸਪਾਇਰੀ ਅੱਗ ਬੁਝਾਊ ਯੰਤਰ
ਗੈਸ ਏਜੰਸੀ ਦੇ ਗੋਦਾਮਾਂ ਵਿਚ ਇੰਨੇ ਵੱਡੇ ਸਕੇਲ ਦਾ ਕੰਮ ਚੱਲ ਰਿਹਾ ਸੀ। ਰਿਪੇਅਰ ਸੈਂਟਰ ਵਿਚ ਕਰੀਬ 400 ਗੈਸ ਸਿਲੰਡਰ ਸਨ। ਗੋਦਾਮ ਵਿਚ ਗੈਸ ਸਿਲੰਡਰ ਰਿਪੇਅਰ ਦਾ ਕੰਮ ਹੁੰਦਾ ਸੀ। ਇਕ ਸਮੇਂ ਵਿਚ 30 ਤੋਂ 40 ਕਰਮਚਾਰੀ ਉਥੇ ਕੰਮ ਕਰਦੇ ਸਨ। ਗੋਦਾਮ ਪਿਛਲੇ ਕਰੀਬ 15 ਸਾਲਾਂ ਤੋਂ ਚੱਲ ਰਿਹਾ ਸੀ। ਅੱਜ ਹੋਏ ਹਾਦਸੇ ਵਿਚ ਕੰਪਨੀ ਦੀ ਲਾਪ੍ਰਵਾਹੀ ਸਾਹਮਣੇ ਆ ਗਈ। ਗੋਦਾਮ ਵਿਚ ਅੱਗ ਬੁਝਾਊ ਯੰਤਰ ਦੀ ਵਿਵਸਥਾ ਤਾਂ ਸੀ ਪਰ ਜਦੋਂ ਜ਼ਰੂਰਤ ਪਈ ਤਾਂ ਇਕ ਵੀ ਯੰਤਰ ਨਹੀਂ ਚੱਲਿਆ। ਪੁਲਸ ਜਾਂਚ ਦੇ ਮੁਤਾਬਕ ਸਾਰੇ ਯੰਤਰ ਐਕਸਪਾਇਰੀ ਹੋ ਚੁੱਕੇ ਸਨ। ਜਾਂਚ ਵਿਚ ਪਤਾ ਲੱਗਾ ਕਿ ਗੋਦਾਮ ਵਿਚ ਚੋਰੀ ਰੋਕਣ ਲਈ ਸੀ. ਸੀ. ਟੀ. ਵੀ. ਕੈਮਰੇ ਲੱਗੇ ਸਨ ਪਰ ਅੱਗ ਰੋਕਣ ਲਈ ਕੋਈ ਇੰਤਜ਼ਾਮ ਨਹੀਂ ਸੀ।

ਟੀਨ ਦੀ ਛੱਤ ਹੇਠਾਂ ਚੱਲ ਰਹੀ ਸੀ ਟੈਂਪਰੇਰੀ ਰਸੋਈ
ਪੁਲਸ ਜਾਂਚ ਵਿਚ ਪਤਾ ਲੱਗਾ ਕਿ ਕਰਮਚਾਰੀਆਂ ਵੱਲੋਂ ਗੋਦਾਮ ਵਿਚ ਇਕ ਟੈਂਪਰੇਰੀ ਰਸੋਈ ਬਣਾਈ ਗਈ ਸੀ, ਜਿਸ 'ਤੇ ਟੀਨ ਦੀ ਚਾਦਰ ਪਾਈ ਹੋਈ ਸੀ। ਜਾਂਚ ਵਿਚ ਰਸੋਈ ਦੀ ਟੀਨ ਦੀ ਚਾਦਰ ਵੀ ਟੁੱਟੀ ਮਿਲੀ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਲਾਸਟ ਰਸੋਈ ਵਿਚ ਹੋਇਆ, ਜਿੱਥੋਂ ਗੈਸ ਸਿਲੰਡਰ ਦਾ ਹਿੱਸਾ ਛੱਤ ਪਾੜ ਕੇ ਦੂਜੇ ਪਾਸੇ ਜਾ ਡਿੱਗਾ।

ਇੰਡੀਅਨ ਗੈਸ ਏਜੰਸੀ ਦੇ ਮਾਲਕ 'ਤੇ ਕੇਸ ਦਰਜ : ਡੀ. ਐੱਸ. ਪੀ. ਸਰਬਜੀਤ ਰਾਏ
ਡੀ. ਐੱਸ. ਪੀ. ਕਰਤਾਰਪੁਰ ਸਰਬਜੀਤ ਸਿੰਘ ਰਾਏ ਨੇ ਦੱਸਿਆ ਕਿ ਘਟਨਾ ਵਾਲੀ ਥਾਂ 'ਤੇ ਜਾਂਚ ਵਿਚ ਪਤਾ ਲੱਗਾ ਕਿ ਗੋਦਾਮ ਵਿਚ ਸੇਫਟੀ ਦੇ ਮੌਜੂਦਾ ਇੰਤਜ਼ਾਮ ਨਹੀਂ ਸਨ। ਜੋ ਯੰਤਰ ਲੱਗੇ ਸਨ ਉਹ ਵੀ ਨਹੀਂ ਚੱਲੇ। ਜਾਂਚ ਵਿਚ ਸਪੱਸ਼ਟ ਹੈ ਕਿ ਗੈਸ ਸਿਲੰਡਰਾਂ ਦੀ ਰਿਪੇਅਰ ਦੌਰਾਨ ਸੇਫਟੀ ਇੰਤਜ਼ਾਮ ਦਾ ਧਿਆਨ ਨਹੀਂ ਰੱਖਿਆ ਗਿਆ। ਜਾਂਚ ਵਿਚ ਲਾਪ੍ਰਵਾਹ ਪਾਏ ਜਾਣ ਵਾਲੇ ਗੋਦਾਮ ਮਾਲਕ ਅਰੁਣ ਮਹਾਜਨ ਵਾਸੀ ਚੰਡੀਗੜ੍ਹ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਤਲਾਸ਼ ਕੀਤੀ ਜਾ ਰਹੀ ਹੈ।
