ਸ਼ਰਾਬ ਦੇ ਨਸ਼ੇ ’ਚ ਟੱਲੀ ਕੈਂਟਰ ਵਾਲੇ ਨੇ ਕਾਰ ਨੂੰ ਮਾਰੀ ਟੱਕਰ, ਕਾਰ ਸਵਾਰ 4 ਵਿਅਕਤੀ ਜ਼ਖ਼ਮੀ
Monday, May 04, 2026 - 05:13 PM (IST)
ਧਨੌਲਾ (ਰਮਨ)- ਮੰਡੀ ਧਨੌਲਾ ਦੇ ਭਿੱਖੀ ਵਾਲੇ ਮੋੜ ’ਤੇ ਸ਼ਰਾਬ ਦੇ ਨਸ਼ੇ ’ਚ ਟੱਲੀ ਇਕ ਕੈਂਟਰ ਵਾਲੇ ਨੇ ਕਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਫਰੂਟ ਵਾਲੀ ਰੇਹੜੀ ਨੂੰ ਤੋੜਦੀ ਹੋਈ ਇਕ ਖੋਖੇ ਵਿਚ ਜਾ ਵੱਜੀ। ਮੌਕੇ ’ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦੇਵ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਪਰਵਿੰਦਰ ਕੌਰ, ਰਮਨਦੀਪ ਕੌਰ ਤੇ ਛੋਟਾ ਜਿਹਾ ਬੱਚਾ ਹਸਮੀਤ ਸਿੰਘ ਦੇ ਨਾਲ ਸਵਿਫਟ ਕਾਰ ’ਚ ਸਵਾਰ ਹੋ ਕੇ ਨੇੜਲੇ ਪਿੰਡ ਕਾਲੇਕੇ ਮਾਤਾ ਦੇ ਮੱਥਾ ਟੇਕ ਕੇ ਆ ਰਹੇ ਸਨ, ਜਦੋਂ ਹੀ ਭੀਖੀ ਵਾਲੇ ਮੋੜ ਧਨੌਲਾ ਵਿਖੇ ਪਹੁੰਚੇ ਤਾਂ ਅੱਗੋਂ ਪੀ.ਬੀ. 11 ਸੀ. ਐੱਲ 6541 ਕੈਂਟਰ ਜਿਸ ਦਾ ਡਰਾਈਵਰ ਸੁਰਜੀਤ ਸਿੰਘ ਉਰਫ ਕਾਲਾ ਵਾਸੀ ਧਨੌਲਾ ਨਸ਼ੇ ਵਿਚ ਟੱਲੀ ਹੋ ਕੇ ਚਲਾ ਰਿਹਾ ਸੀ, ਨੇ ਸਵਿਫਟ ਕਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ।
ਮੌਕੇ ’ਤੇ ਪਹੁੰਚੇ ਐੱਸ. ਐੱਸ. ਐੱਫ. ਟੀਮ ਦੇ ਇੰਚਾਰਜ ਜਸਵੀਰ ਸਿੰਘ ਨੇ ਲੋਕਾਂ ਦੀ ਮਦਦ ਨਾਲ ਅਤੇ ਆਪਣੀ ਟੀਮ ਨਾਲ ਜ਼ਖਮੀਆਂ ਨੂੰ ਕਾਰ ’ਚੋਂ ਕੱਢਿਆ ਅਤੇ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਅਤੇ ਉਥੇ ਮੌਕੇ ’ਤੇ ਥਾਣਾ ਧਨੌਲਾ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਵੀ ਆਪਣੀ ਟੀਮ ਸਮੇਤ ਪਹੁੰਚੇ, ਜਿਨ੍ਹਾਂ ਨੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ। ਇਸ ਮੌਕੇ ਉੱਥੇ ਖੜ੍ਹੇ ਲੋਕਾਂ ਤੇ ਫਰੂਟ ਰੇਹੜੀ ਦੇ ਮਾਲਕ ਮੱਘਰ ਸਿੰਘ ਨੇ ਦੱਸਿਆ ਕਿ ਮੇਰਾ ਇਸ ਹੋਏ ਐਕਸੀਡੈਂਟ ਨਾਲ 20 ਹਜ਼ਾਰ ਦੇ ਕਰੀਬ ਨੁਕਸਾਨ ਹੋ ਗਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੇਰੇ ਇਸ ਨੁਕਸਾਨ ਦੀ ਭਰਭਾਈ ਕਰਵਾਈ ਜਾਵੇl
