ਪਿੰਡ ਕਲਾਲ ਮਾਜਰਾ ਦਾ ਸਰਪੰਚ ਚੜ੍ਹਿਆ ਪਾਣੀ ਵਾਲੀ ਟੈਂਕੀ ''ਤੇ
Tuesday, May 05, 2026 - 05:15 PM (IST)
ਮਹਿਲ ਕਲਾਂ (ਲਕਸ਼ਦੀਪ ਗਿੱਲ) : ਮਹਿਲ ਕਲਾਂ ਦੇ ਨਾਲ ਲੱਗਦੇ ਪਿੰਡ ਕਲਾਲ ਮਾਜਰਾ ਦਾ ਸਰਪੰਚ ਕੁਝ ਪੰਚਾਇਤ ਮੈਂਬਰਾਂ ਸਮੇਤ ਪਾਣੀ ਵਾਲੀ ਟੈਂਕੀ 'ਤੇ ਚੜ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦਾ ਸਰਪੰਚ ਜਗਜੀਵਨ ਸਿੰਘ ਸਮੇਤ ਤਿੰਨ ਪੰਚਾਇਤ ਮੈਂਬਰ ਹਰਜਿੰਦਰ ਸਿੰਘ ਭਰਪੂਰ ਸਿੰਘ ਤੇ ਗੁਰਚਰਨ ਸਿੰਘ ਆਪਣੇ ਪਿੰਡ ਦੀ ਟੈਂਕੀ ਉੱਪਰ ਚੜ ਗਏ ਹਨ। ਇਸ ਸਬੰਧੀ ਸਰਪੰਚ ਜਗਜੀਵਨ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਮਹਿਲ ਕਲਾਂ ਦਾ ਵਿਧਾਇਕ ਉਨ੍ਹਾਂ ਦੇ ਪਿੰਡ ਦੀ ਪੰਚਾਇਤ ਦੇ ਕੰਮਾਂ ਵਿਚ ਦਖਲ ਅੰਦਾਜ਼ੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਨੇ ਪਿੰਡ ਵਿਚ ਪਹਿਲਾਂ ਵੀ ਪ੍ਰਬੰਧਕ ਲਗਵਾ ਦਿੱਤਾ ਜਿਸ ਨੂੰ ਹਾਈਕੋਰਟ ਵਿਚ ਚੈਲੰਜ ਕਰਕੇ ਸਟੇਅ ਲੈ ਲਈ ਸੀ ਪ੍ਰੰਤੂ ਹੁਣ ਫੇਰ ਪਿੰਡ ਵਿਚ ਪ੍ਰਬੰਧਕ ਲਗਾ ਦਿੱਤਾ ਗਿਆ ਹੈ ਜਦਕਿ ਉਸ ਸਾਰੇ ਪਿੰਡ ਦੀ ਸਹਿਮਤੀ ਨਾਲ ਪਿੰਡ ਦੇ ਕੰਮ ਕਰ ਰਹੇ ਹਨ ਅਤੇ ਪਿੰਡ ਵਿਚ ਉਨ੍ਹਾਂ ਦੀ ਪੰਚਾਇਤ ਨਾਲ ਕਿਸੇ ਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੈ।
ਸਰਪੰਚ ਨੇ ਕਿਹਾ ਕਿ ਜਦੋਂ ਤੱਕ ਪਿੰਡ ਵਿੱਚ ਲੱਗਿਆ ਪ੍ਰਬੰਧਕ ਨਹੀਂ ਹਟਾਇਆ ਜਾਂਦਾ ਉਹ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਨਹੀਂ ਉਤਰੇਗਾ। ਸੂਤਰਾਂ ਅਨੁਸਾਰ ਸਰਪੰਚ ਜਗਜੀਵਨ ਸਿੰਘ ਆਪਣੇ ਨਾਲ ਪੈਟਰੋਲ ਵਾਲੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ 'ਤੇ ਚੜ੍ਹਿਆ ਹੈ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਸਿਵਲ ਅਤੇ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਹੋਏ ਹਨ। ਪੁਲਸ ਪ੍ਰਸ਼ਾਸਨ, ਸਿਹਤ ਵਿਭਾਗ ਤੋਂ ਇਲਾਵਾ ਤਹਿਸੀਲਦਾਰ ਮਹਿਲ ਕਲਾਂ ਅਤੇ ਬੀਡੀਪੀਓ ਭੂਸ਼ਨ ਕੁਮਾਰ ਘਟਨਾ ਸਥਾਨ 'ਤੇ ਮੌਜੂਦ ਰਹੇ ਅਤੇ ਖਬਰ ਲਿਖੇ ਜਾਣ ਤੱਕ ਸਰਪੰਚ ਟੈਂਕੀ ਤੋਂ ਥੱਲੇ ਨਹੀਂ ਉਤਰਿਆ।
ਕੀ ਕਹਿਣਾ ਹੈ ਬੀਡੀਪੀਓ ਦਾ
ਇਸ ਸਬੰਧੀ ਘਟਨਾ ਸਥਾਨ 'ਤੇ ਮੌਜੂਦ ਬੀਡੀਪੀਓ ਮਹਿਲ ਕਲਾਂ ਭੂਸ਼ਨ ਕੁਮਾਰ ਨੇ ਦੱਸਿਆ ਕਿ ਮਾਣਯੋਗ ਕੋਰਟ ਵੱਲੋਂ ਇਹ ਨਿਰਦੇਸ਼ ਦਿੱਤੇ ਗਏ ਸਨ ਕਿ ਜੇਕਰ ਬਹੁਮਤ ਮਿਲ ਜਾਂਦਾ ਹੈ ਤਾਂ ਪ੍ਰਬੰਧਕ ਲਗਾਉਣ ਦੀ ਜ਼ਰੂਰਤ ਨਹੀਂ ਹੈ ਪਰ ਅਧਿਕਾਰੀਆਂ ਮੁਤਾਬਕ ਬਹੁਮਤ ਪੂਰਾ ਨਹੀਂ ਹੈ, ਇਸ ਹਿਸਾਬ ਨਾਲ ਪਿੰਡ ਦੇ ਕੰਮਾਂ ਨੂੰ ਨਿਰਵਿਘਨ ਕਰਵਾਉਣ ਲਈ ਪ੍ਰਬੰਧਕ ਲਗਾਉਣ ਦੀ ਨਿਰਦੇਸ਼ ਦਿੱਤੇ ਗਏ।
