ਬਰਨਾਲਾ ਦੇ ਲੱਕੀ ਪੱਖੋ ਬਣੇ ਕਾਂਗਰਸ ਦੀ ਸਟੇਟ ਐਡਵਾਈਜ਼ਰੀ ਕੌਂਸਲ ਦੇ ਕਨਵੀਨਰ

Saturday, Apr 25, 2026 - 03:24 PM (IST)

ਬਰਨਾਲਾ ਦੇ ਲੱਕੀ ਪੱਖੋ ਬਣੇ ਕਾਂਗਰਸ ਦੀ ਸਟੇਟ ਐਡਵਾਈਜ਼ਰੀ ਕੌਂਸਲ ਦੇ ਕਨਵੀਨਰ

ਬਰਨਾਲਾ (ਵਿਵੇਕ ਸਿੰਧਵਾਨੀ/ਰਵੀ) : ਪੰਜਾਬ ਦੀ ਸਿਆਸਤ 'ਚ ਬਰਨਾਲਾ ਜ਼ਿਲ੍ਹੇ ਦਾ ਨਾਂ ਇੱਕ ਵਾਰ ਫਿਰ ਸੁਰਖੀਆਂ 'ਚ ਆ ਗਿਆ ਹੈ। ਕਾਂਗਰਸ ਹਾਈਕਮਾਨ ਨੇ ਜ਼ਿਲ੍ਹੇ ਦੇ ਨੌਜਵਾਨ ਅਤੇ ਮਿਹਨਤੀ ਆਗੂ ਗੁਰਪ੍ਰੀਤ ਸਿੰਘ ਲੱਕੀ ਪੱਖੋਕੇ 'ਤੇ ਲਗਾਤਾਰ ਦੂਜੇ ਦਿਨ ਵੱਡਾ ਭਰੋਸਾ ਜਤਾਉਂਦੇ ਹੋਏ ਉਨ੍ਹਾਂ ਨੂੰ ਇੱਕ ਹੋਰ ਅਹਿਮ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਬੀਤੇ ਦਿਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਐੱਸ. ਸੀ. ਸੈੱਲ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਤੋਂ ਅਗਲੇ ਹੀ ਦਿਨ ਆਲ ਇੰਡੀਆ ਕਾਂਗਰਸ ਕਮੇਟੀ ਨੇ ਉਨ੍ਹਾਂ ਨੂੰ ਪੰਜਾਬ ਐੱਸ. ਸੀ. ਵਿਭਾਗ ਦੀ ਨਵਗਠਿਤ ਸਟੇਟ ਐਡਵਾਈਜ਼ਰੀ ਕੌਂਸਲ ਦਾ ਕਨਵੀਨਰ ਵੀ ਨਿਯੁਕਤ ਕਰ ਦਿੱਤਾ ਹੈ।
   AICC ਦੇ ਐੱਸ. ਸੀ. ਵਿਭਾਗ ਦੇ ਰਾਸ਼ਟਰੀ ਚੇਅਰਮੈਨ ਰਾਜੇਂਦਰ ਪਾਲ ਗੌਤਮ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਨੋਟੀਫਿਕੇਸ਼ਨ ਰਾਹੀਂ ਇਸ ਕੌਂਸਲ ਦਾ ਗਠਨ ਕੀਤਾ ਗਿਆ ਹੈ। ਇਸ ਕੌਂਸਲ ਦੀ ਖ਼ਾਸ ਗੱਲ ਇਹ ਹੈ ਕਿ ਇਸ 'ਚ ਪੰਜਾਬ ਕਾਂਗਰਸ ਦੇ ਸਭ ਤੋਂ ਭਾਰੀ ਭਰਕਮ ਅਤੇ ਤਜ਼ਰਬੇਕਾਰ ਚਿਹਰਿਆਂ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ 'ਚ ਸਭ ਤੋਂ ਪ੍ਰਮੁੱਖ ਨਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਹੈ। ਇਸ ਤੋਂ ਇਲਾਵਾ ਸੰਸਦ ਮੈਂਬਰ ਡਾਕਟਰ ਅਮਰ ਸਿੰਘ, ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਪ੍ਰਸਿੱਧ ਗਾਇਕ ਤੇ ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ, ਸਾਬਕਾ ਮੰਤਰੀਅਰੁਣਾ ਚੌਧਰੀ, ਰਾਜ ਕੁਮਾਰ ਵੇਰਕਾ, ਸਾਧੂ ਸਿੰਘ ਧਰਮਸੋਤ ਅਤੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵਰਗੇ ਦਿੱਗਜ ਆਗੂ ਵੀ ਇਸ ਕੌਂਸਲ ਦਾ ਹਿੱਸਾ ਹਨ। ਇਸ ਤੋਂ ਇਲਾਵਾ ਬਲਵਿੰਦਰ ਸਿੰਘ ਧਾਲੀਵਾਲ, ਵਿਕਰਮਜੀਤ ਸਿੰਘ ਚੌਧਰੀ, ਅਜਾਇਬ ਸਿੰਘ ਭੱਟੀ, ਤਰਸੇਮ ਸਿੰਘ ਡੀ. ਸੀ., ਕੁਲਦੀਪ ਸਿੰਘ ਵੈਦ, ਸੁਖਵਿੰਦਰ ਸਿੰਘ ਡੈਨੀ ਅਤੇ ਕਈ ਹੋਰ ਸੀਨੀਅਰ ਆਗੂਆਂ ਨੂੰ ਵੀ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ।
 ਇਸ ਕੌਂਸਲ ਦਾ ਮੁੱਖ ਕੰਮ ਪੰਜਾਬ 'ਚ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਮੁੱਦਿਆਂ 'ਤੇ ਪਾਰਟੀ ਨੂੰ ਨੀਤੀਗਤ ਸਲਾਹ ਦੇਣਾ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਦਾ ਵਿਸ਼ਲੇਸ਼ਣ ਕਰਨਾ ਹੋਵੇਗਾ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਨੌਜਵਾਨ ਚਿਹਰੇ ਨੂੰ ਕਨਵੀਨਰ ਬਣਾ ਕੇ ਅਤੇ ਸਾਬਕਾ ਮੁੱਖ ਮੰਤਰੀ ਸਮੇਤ ਤਜ਼ਰਬੇਕਾਰ ਆਗੂਆਂ ਨੂੰ ਮੈਂਬਰ ਵਜੋਂ ਰੱਖ ਕੇ ਕਾਂਗਰਸ ਨੇ ਤਜ਼ਰਬੇ ਅਤੇ ਜੋਸ਼ ਦਾ ਸੁੰਦਰ ਸੁਮੇਲ ਕੀਤਾ ਹੈ। ਪੰਜਾਬ ਵਿੱਚ ਐੱਸ. ਸੀ. ਵੋਟ ਬੈਂਕ ਹਮੇਸ਼ਾ ਤੋਂ ਚੋਣਾਂ ਵਿੱਚ ਨਿਰਣਾਇਕ ਰਿਹਾ ਹੈ ਅਤੇ ਕਾਂਗਰਸ ਇਸ ਕੌਂਸਲ ਰਾਹੀਂ ਇਸ ਵਰਗ ਵਿੱਚ ਆਪਣੀ ਮਜ਼ਬੂਤ ਪਕੜ ਮੁੜ ਹਾਸਲ ਕਰਨਾ ਚਾਹੁੰਦੀ ਹੈ।
 ਲੱਕੀ ਪੱਖੋਕੇ ਨੇ ਕਾਂਗਰਸ ਹਾਈਕਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਐੱਸ. ਸੀ. ਭਾਈਚਾਰੇ ਦੇ ਹੱਕਾਂ ਦੀ ਰਾਖੀ ਲਈ ਉਹ ਦਿਨ-ਰਾਤ ਕੰਮ ਕਰਨਗੇ। ਬਰਨਾਲਾ ਖੇਤਰ 'ਚ ਕਾਂਗਰਸੀ ਵਰਕਰਾਂ 'ਚ ਇਸ ਦੋਹਰੀ ਨਿਯੁਕਤੀ ਤੋਂ ਬਾਅਦ ਭਾਰੀ ਉਤਸ਼ਾਹ ਅਤੇ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ। ਪਾਰਟੀ ਸੂਤਰਾਂ ਅਨੁਸਾਰ ਜਲਦੀ ਹੀ ਇਸ ਕੌਂਸਲ ਦੀ ਪਹਿਲੀ ਰਸਮੀ ਮੀਟਿੰਗ ਚੰਡੀਗੜ੍ਹ ਜਾਂ ਨਵੀਂ ਦਿੱਲੀ ਵਿਖੇ ਹੋਣ ਦੀ ਸੰਭਾਵਨਾ ਹੈ।


author

Babita

Content Editor

Related News