ਗੁਰਦੁਆਰਾ ਸਾਹਿਬ ਦੇ ਸਟੋਰ ਰੂਮ ''ਚ ਲੱਗੀ ਅੱਗ, 5 ਲੱਖ ਰੁਪਏ ਦਾ ਸਾਮਾਨ ਸੜਿਆ

Thursday, May 07, 2026 - 07:11 PM (IST)

ਗੁਰਦੁਆਰਾ ਸਾਹਿਬ ਦੇ ਸਟੋਰ ਰੂਮ ''ਚ ਲੱਗੀ ਅੱਗ, 5 ਲੱਖ ਰੁਪਏ ਦਾ ਸਾਮਾਨ ਸੜਿਆ

ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਪੰਡੋਰੀ ਵਿਖੇ ਸਥਿਤ ਵੱਡੇ ਗੁਰਦੁਆਰਾ ਸਾਹਿਬ ਵਿਚ ਅੱਜ ਦੁਪਹਿਰ ਸਮੇਂ ਇਕ ਦੁੱਖਦਾਈ ਘਟਨਾ ਵਾਪਰੀ, ਜਦੋਂ ਗੁਰਦੁਆਰਾ ਸਾਹਿਬ ਦੇ ਸਟੋਰ ਰੂਮ ਵਿਚ ਅਚਾਨਕ ਅੱਗ ਲੱਗਣ ਕਾਰਨ ਲਗਭਗ 5 ਲੱਖ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਨਾਲ ਪਿੰਡ ਵਿਚ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ, ਹਾਲਾਂਕਿ ਸੰਗਤਾਂ ਦੀ ਤੁਰੰਤ ਕਾਰਵਾਈ ਨਾਲ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਪੰਡੋਰੀ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਘਰ ਵਿਚ ਇਨ੍ਹਾਂ ਦਿਨੀਂ ਕਾਰ ਸੇਵਾ ਦਾ ਕੰਮ ਚੱਲ ਰਿਹਾ ਸੀ। ਇਸ ਕਰਕੇ ਦਰਬਾਰ ਸਾਹਿਬ ਵਿਚ ਲਗਾਉਣ ਲਈ ਖਰੀਦੇ ਗਏ ਨਵੇਂ ਸਮਾਨ ਨੂੰ ਅਸਥਾਈ ਤੌਰ ‘ਤੇ ਸਟੋਰ ਰੂਮ ਵਿਚ ਰੱਖਿਆ ਗਿਆ ਸੀ। ਸਟੋਰ ਵਿਚ ਛੇ ਨਵੇਂ ਏ.ਸੀ. ਲਗਭਗ 4 ਲੱਖ ਰੁਪਏ ਦੀ ਕੀਮਤ ਦੇ, ਦੋ ਮੰਜੇ, ਇਕ ਅਲਮਾਰੀ, ਕਮਰੇ ਦੀਆਂ ਚਗਾਠਾਂ, ਗੇਟ ਅਤੇ ਹੋਰ ਕੀਮਤੀ ਸਮਾਨ ਰੱਖਿਆ ਹੋਇਆ ਸੀ, ਜੋ ਅੱਗ ਦੀ ਲਪੇਟ ਵਿਚ ਆ ਕੇ ਸੜ ਗਿਆ। ਉਨ੍ਹਾਂ ਦੱਸਿਆ ਕਿ ਦੁਪਹਿਰ ਸਮੇਂ ਤਿੰਨ ਕੁ ਵਜੇ ਦੇ ਕਰੀਬ ਅਚਾਨਕ ਸਟੋਰ ਰੂਮ ਵਿਚੋਂ ਧੂੰਆਂ ਨਿਕਲਦਾ ਦੇਖਿਆ ਗਿਆ। ਗੁਰੂ ਘਰ ਦੇ ਗ੍ਰੰਥੀ ਨੇ ਤੁਰੰਤ ਗੁਰਦੁਆਰਾ ਸਾਹਿਬ ਦੇ ਲਾਊਡ ਸਪੀਕਰ ਰਾਹੀਂ ਅਨਾਊਂਸਮੈਂਟ ਕਰਕੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪਿੰਡ ਦੀ ਸੰਗਤ ਅਤੇ ਨੌਜਵਾਨ ਮੌਕੇ ‘ਤੇ ਪਹੁੰਚ ਗਏ ਅਤੇ ਪਾਣੀ ਦੀਆਂ ਵਸਾੜਾਂ, ਬਾਲਟੀਆਂ ਅਤੇ ਹੋਰ ਸਾਧਨਾਂ ਦੀ ਮਦਦ ਨਾਲ ਭਾਰੀ ਜੱਦੋ-ਜਹਿਦ ਕਰਦੇ ਹੋਏ ਅੱਗ ‘ਤੇ ਕਾਬੂ ਪਾਇਆ। ਸੰਗਤਾਂ ਦੀ ਸਾਂਝੀ ਕੋਸ਼ਿਸ਼ ਨਾਲ ਅੱਗ ਨੂੰ ਜਲਦੀ ਬੁਝਾ ਲਿਆ ਗਿਆ, ਜਿਸ ਨਾਲ ਗੁਰਦੁਆਰਾ ਸਾਹਿਬ ਦੇ ਹੋਰ ਹਿੱਸਿਆਂ ਅਤੇ ਦਰਬਾਰ ਸਾਹਿਬ ਨੂੰ ਵੱਡੇ ਨੁਕਸਾਨ ਤੋਂ ਬਚਾ ਲਿਆ ਗਿਆ। ਜੇਕਰ ਅੱਗ ਸਮੇਂ ‘ਤੇ ਕਾਬੂ ਨਾ ਆਉਂਦੀ ਤਾਂ ਨੁਕਸਾਨ ਹੋਰ ਵੀ ਵੱਧ ਸਕਦਾ ਸੀ। 

ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਪ੍ਰਬੰਧਕ ਕਮੇਟੀ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰਵਾਉਣ ਅਤੇ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਾਅ ਲਈ ਪੂਰੇ ਇੰਤਜ਼ਾਮ ਕਰਨ ਦੀ ਗੱਲ ਵੀ ਕਹੀ ਗਈ ਹੈ। ਇਸ ਮੌਕੇ ਬਿੰਦਰ ਸਿੰਘ ਖਾਲਸਾ ਸਮਾਜ ਸੇਵੀ ਕੁਲਵਿੰਦਰ ਸਿੰਘ ਗੋਗੀ, ਨੰਬਰਦਾਰ ਜਗਰਾਜ ਸਿੰਘ, ਨਾਹਰ ਸਿੰਘ ਬੋਪਾਰਾਏ, ਅਜਮੇਰ ਸਿੰਘ, ਜਸਵੀਰ ਸਿੰਘ, ਹਰਪਾਲ ਸਿੰਘ, ਰਾਜਵਿੰਦਰ ਸਿੰਘ, ਬਲਵੰਤ ਸਿੰਘ, ਨਵਦੀਪ ਸਿੰਘ, ਹਰੀ ਸਿੰਘ ਮਰਾਹੜ, ਕਾਲਾ ਸਿੰਘ ਬਾਠ, ਹਰਵਿੰਦਰ ਸਿੰਘ ਅਤੇ ਹੋਰ ਪਿੰਡ ਦੇ ਪਤਵੰਤੇ ਵਿਅਕਤੀ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਪਿੰਡ ਵਾਸੀਆਂ ਨੇ ਸੰਗਤ ਦੀ ਏਕਤਾ ਅਤੇ ਤੁਰੰਤ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰੂ ਘਰ ਦੀ ਸੇਵਾ ਵਿਚ ਪਿੰਡ ਦੀ ਇਕਜੁੱਟਤਾ ਇਕ ਵਾਰ ਫਿਰ ਸਾਹਮਣੇ ਆਈ ਹੈ।


author

Anmol Tagra

Content Editor

Related News