ਪਿੰਡ ਕਲਾਲਮਾਜਰਾ ''ਚ ਪੰਚਾਇਤ ਅਧਿਕਾਰਾਂ ਲਈ ਟੈਂਕੀ ‘ਤੇ ਚੜ੍ਹੇ ਸਰਪੰਚ

Tuesday, May 05, 2026 - 08:07 PM (IST)

ਪਿੰਡ ਕਲਾਲਮਾਜਰਾ ''ਚ ਪੰਚਾਇਤ ਅਧਿਕਾਰਾਂ ਲਈ ਟੈਂਕੀ ‘ਤੇ ਚੜ੍ਹੇ ਸਰਪੰਚ

ਮਹਿਲ ਕਲਾਂ (ਹਮੀਦੀ) : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਕਲਾਲਮਾਜਰਾ ਵਿਖੇ ਉਸ ਸਮੇ ਤਣਾਅਪੂਰਨ ਮਾਹੌਲ ਬਣ ਗਿਆ ਜਦੋਂ ਸਰਪੰਚ ਜਗਜੀਵਨ ਸਿੰਘ ਤੇ ਪੰਚ ਗੁਰਚਰਨ ਸਿੰਘ ਨੇ ਪ੍ਰਸ਼ਾਸਨ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਪ੍ਰਬੰਧਕ ਲਗਾਉਣ ਦੇ ਵਿਰੋਧ ਵਿੱਚ ਪੈਟਰੋਲ ਦੀ ਬੋਤਲ ਲੈ ਕੇ ਵਾਟਰ ਵਰਕਸ ਦੀ ਟੈਂਕੀ ‘ਤੇ ਚੜ੍ਹ ਗਏ ਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਮੰਗ ਕੀਤੀ ਕਿ ਪ੍ਰਬੰਧਕ ਨੂੰ ਤੁਰੰਤ ਹਟਾ ਕੇ ਪਿੰਡ ਦੇ ਵਿਕਾਸ ਕਾਰਜ ਪੰਚਾਇਤ ਰਾਹੀਂ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇ। 

ਇਸ ਮੌਕੇ ਸਰਪੰਚ ਜਗਜੀਵਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਪਾਰਟੀ ਵਰਕਰ ਵਜੋਂ ਕੰਮ ਕਰਦੇ ਆ ਰਹੇ ਹਨ ਅਤੇ ਪਿੰਡ ਵਾਸੀਆਂ ਨੇ ਉਨ੍ਹਾਂ ਦੇ ਕੰਮਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਰਪੰਚ ਚੁਣਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਬਲਾਕ ਸੰਮਤੀ ਚੋਣਾਂ ਦੌਰਾਨ ਉਮੀਦਵਾਰ ਨਾ ਦੇਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਵਾਰ-ਵਾਰ ਪ੍ਰਬੰਧਕ ਲਗਾ ਕੇ ਪੰਚਾਇਤ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ। ਪੰਚਾਇਤ ਵੱਲੋਂ ਪਹਿਲਾਂ ਹੀ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਡੀਡੀਪੀਪੀ ਅਤੇ ਬੀਡੀਪੀਓ ਨੂੰ ਬੇਨਤੀਆਂ ਕੀਤੀਆਂ ਗਈਆਂ ਸਨ, ਪਰ ਬਿਨਾਂ ਸੁਣਵਾਈ ਪ੍ਰਬੰਧਕ ਲਗਾ ਕੇ ਵਿਕਾਸ ਕੰਮ ਸ਼ੁਰੂ ਕਰਵਾ ਦਿੱਤੇ ਗਏ, ਜਿਸ ਕਾਰਨ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ। 

PunjabKesari

ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦ ਤੱਕ ਪੰਚਾਇਤ ਨੂੰ ਅਧਿਕਾਰ ਵਾਪਸ ਨਹੀਂ ਮਿਲਦੇ, ਸੰਘਰਸ਼ ਜਾਰੀ ਰਹੇਗਾ।ਘਟਨਾ ਦੀ ਸੂਚਨਾ ਮਿਲਣ ‘ਤੇ ਤਹਿਸੀਲਦਾਰ ਸੁਖਬੀਰ ਸਿੰਘ, ਬੀਡੀਪੀਓ ਭੂਸ਼ਨ ਕੁਮਾਰ ਅਤੇ ਥਾਣਾ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਮੌਕੇ ‘ਤੇ ਪੁੱਜੇ ਅਤੇ ਸਰਪੰਚ ਨੂੰ ਟੈਂਕੀ ਤੋਂ ਹੇਠਾਂ ਉਤਰਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਲੰਬੀ ਗੱਲਬਾਤ ਦੇ ਬਾਵਜੂਦ ਤੁਰੰਤ ਸਹਿਮਤੀ ਨਾ ਬਣ ਸਕੀ, ਜਿਸ ਕਾਰਨ ਪਿੰਡ ਵਾਸੀਆਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵੱਖ–ਵੱਖ ਜਥੇਬੰਦੀਆਂ ਦੇ ਆਗੂਆਂ ਨੇ ਇਕੱਠ ਕਰਕੇ 13 ਮੈਂਬਰੀ ਸੰਘਰਸ਼ ਕਮੇਟੀ ਦਾ ਗਠਨ ਕੀਤਾ। ਕਮੇਟੀ ਨੇ ਐਲਾਨ ਕੀਤਾ ਕਿ ਜਦ ਤੱਕ ਪੰਚਾਇਤ ਨੂੰ ਪਿੰਡ ਦੇ ਵਿਕਾਸ ਕਾਰਜਾਂ ਦਾ ਚਾਰਜ ਵਾਪਸ ਨਹੀਂ ਦਿੱਤਾ ਜਾਂਦਾ, ਤਦ ਤੱਕ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। 

ਉਧਰ ਦੂਜੀ ਧਿਰ ਵੱਲੋਂ ਆਪਣਾ ਪੱਖ ਰੱਖਦਿਆਂ ਕਿਹਾ ਕਿ ਪਿੰਡ ਦੇ ਸਰਪੰਚ ਵੱਲੋਂ ਟੈਂਕੀ ਉੱਪਰ ਚੜਨਾ ਮੰਦਭਾਗਾ ਹੈ ਜੇਕਰ ਕੋਈ ਗੱਲਬਾਤ ਕਰਨੀ ਸੀ ਤਾਂ ਪੰਚਾਇਤ ਨੂੰ ਪਿੰਡ ਵਿੱਚ ਇੱਕ ਇਕੱਠ ਕਰਕੇ ਗੱਲਬਾਤ ਰੱਖਣੀ ਚਾਹੀਦੀ ਗੱਲਬਾਤ ਰੱਖਣੀ ਚਾਹੀਦੀ ਸੀ ਉਨ੍ਹਾਂ ਕਿਹਾ ਕਿ ਸਰਪੰਚ ਵੱਲੋਂ ਸਾਡੀ ਧਿਰ ਉੱਪਰ ਲਗਾਏ ਜਾ ਰਹੇ ਹ ਦੋਸ਼ਾਂ ਵਿੱਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਰਮ ਪੂਰਾ ਨਾ ਹੋਣ ਕਾਰਨ ਪ੍ਰਸ਼ਾਸਨ ਵੱਲੋਂ ਅੱਜ ਵਿਕਾਸ ਕਾਰਜਾਂ ਦੇ ਕੰਮ ਸ਼ੁਰੂ ਕਰਵਾਏ ਗਏ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਲਗਾਏ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਸਾਰੇ ਸਰਪੰਚਾਂ ਅਤੇ ਪੰਚਾਇਤਾਂ ਦਾ ਪੂਰਾ ਸਤਿਕਾਰ ਕਰਦੇ ਹਨ ਅਤੇ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਪੰਚਾਇਤ ਦਾ ਕੋਰਮ ਪੂਰਾ ਨਾ ਹੋਣ ਕਾਰਨ ਪੰਚਾਇਤ ਵਿਭਾਗ ਵੱਲੋਂ ਇਹ ਪ੍ਰਸ਼ਾਸਨਿਕ ਕਾਰਵਾਈ ਕੀਤੀ ਗਈ ਹੈ ਅਤੇ ਇਸ ਮਾਮਲੇ ਨਾਲ ਉਨ੍ਹਾਂ ਦਾ ਕੋਈ ਸਿੱਧਾ ਸੰਬੰਧ ਨਹੀਂ। 

PunjabKesari

ਬੀਡੀਪੀਓ ਭੂਸ਼ਨ ਕੁਮਾਰ ਨੇ ਵੀ ਕਿਹਾ ਕਿ ਕੋਰਮ ਦੀ ਕਮੀ ਕਾਰਨ ਹੀ ਸਮੱਸਿਆ ਉਭਰੀ ਹੈ ਅਤੇ ਇਸ ਨੂੰ ਹੱਲ ਕਰਨ ਲਈ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਭੇਜੀ ਗਈ ਹੈ।ਖਬਰ ਲਿਖੇ ਜਾਣ ਤੱਕ ਪਿੰਡ ਵਾਸੀਆਂ ਅਤੇ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਜਾਰੀ ਸੀ ਅਤੇ ਮਾਮਲਾ ਹੱਲ ਹੋਣ ਦੀ ਉਡੀਕ ਕੀਤੀ ਜਾ ਰਹੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News