ਭੁੱਖ ਹੜਤਾਲ ''ਤੇ ਬੈਠੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ
Wednesday, May 06, 2026 - 12:44 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਹਲਕਾ ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਆਪਣੇ ਸਾਥੀ ਆਗੂਆਂ ਸਮੇਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਭੁੱਖ ਹੜਤਾਲ 'ਤੇ ਬੈਠ ਗਏ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਬਰਨਾਲਾ ਪੁਲਸ ਵੱਲੋਂ ਕਾਂਗਰਸੀ ਆਗੂਆਂ ਉੱਪਰ ਦਰਜ ਕੀਤਾ ਗਿਆ ਮੁਕੱਦਮਾ ਤੁਰੰਤ ਰੱਦ ਕੀਤਾ ਜਾਵੇ।
14 ਮਾਰਚ 2026 ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਕਚਹਿਰੀ ਚੌਂਕ ਵਿਖੇ ਧਰਨਾ ਦਿੱਤਾ ਗਿਆ ਸੀ। ਮੁੱਦਾ ਸੀ ਸਰਕਾਰ ਵੱਲੋਂ ਮਹਿਲਾਵਾਂ ਨੂੰ ਦਿੱਤੇ ਜਾਣ ਵਾਲੇ 48,000 ਰੁਪਏ ਦੀ ਬਕਾਇਆ ਰਕਮ। ਕਾਂਗਰਸੀ ਆਗੂਆਂ ਦਾ ਕਹਿਣਾ ਸੀ ਕਿ ਆਮ ਔਰਤਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਮਿਲ ਰਿਹਾ। ਪਰ ਉਸ ਧਰਨੇ ਦੌਰਾਨ ਥਾਣਾ ਸਿਟੀ-2 ਪੁਲਸ ਨੇ ਕਾਂਗਰਸੀ ਆਗੂਆਂ ਉੱਪਰ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਸਮੇਤ ਕਈ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਦਿੱਤਾ। ਕਾਂਗਰਸੀਆਂ ਨੇ ਇਸ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ।
ਵਿਧਾਇਕ ਕਾਲਾ ਢਿੱਲੋਂ ਨੇ ਪਹਿਲਾਂ ਪੁਲਸ ਨੂੰ ਅਲਟੀਮੇਟਮ ਦਿੱਤਾ ਸੀ ਕਿ ਮੁਕੱਦਮਾ ਰੱਦ ਕਰੋ, ਨਹੀਂ ਤਾਂ ਅਸੀਂ ਵੱਡਾ ਸੰਘਰਸ਼ ਕਰਾਂਗੇ। ਪਰ ਪੁਲਸ ਵੱਲੋਂ ਕੋਈ ਕਾਰਵਾਈ ਨਾ ਹੋਣ 'ਤੇ ਵਿਧਾਇਕ ਨੇ ਆਪਣਾ ਵਾਅਦਾ ਨਿਭਾਇਆ ਅਤੇ ਭੁੱਖ ਹੜਤਾਲ 'ਤੇ ਬੈਠ ਗਏ ਹਨ। ਭੁੱਖ ਹੜਤਾਲ 'ਤੇ ਵਿਧਾਇਕ ਕਾਲਾ ਢਿੱਲੋਂ ਦੇ ਨਾਲ ਮਨਵਿੰਦਰ ਕੌਰ ਪੱਖੋ, ਮਲਕੀਤ ਕੌਰ ਸਹੋਤਾ, ਭੁਪਿੰਦਰ ਝਲੂਰ, ਜਸਪ੍ਰੀਤ ਕੌਰ, ਕਮਲਜੀਤ ਚੱਕ, ਕੁਲਵਿੰਦਰ ਸਿੰਘ, ਗੁਰਮੇਲ ਸਿੰਘ ਮੌੜ, ਬਲਵੰਤ ਸ਼ਰਮਾ ਹਮੀਦੀ ਅਤੇ ਸੁਖਜਿੰਦਰ ਸਿੰਘ ਯੂਥ ਆਗੂ ਵੀ ਡਟੇ ਰਹੇ।
ਭੁੱਖ ਹੜਤਾਲ ਵਾਲੀ ਥਾਂ 'ਤੇ ਕਾਂਗਰਸੀ ਆਗੂਆਂ ਦੀ ਭਾਰੀ ਭੀੜ ਇਕੱਠੀ ਹੋਈ। ਬਲਾਕ ਕਾਂਗਰਸ ਬਰਨਾਲਾ ਦੇ ਪ੍ਰਧਾਨ ਮਹੇਸ਼ ਲੋਟਾ, ਬੀਬੀ ਸੁਰਿੰਦਰ ਕੌਰ ਬਾਲੀਆਂ, ਬਲਾਕ ਮਹਿਲਕਲਾਂ ਦੇ ਪ੍ਰਧਾਨ ਪਰਮਿੰਦਰ ਸਿੰਘ ਸ਼ਮੀ ਠੁੱਲੀਵਾਲ, ਸੀਨੀਅਰ ਆਗੂ ਨਰਿੰਦਰ ਸ਼ਰਮਾ, ਜਸਮੇਲ ਸਿੰਘ ਡੇਅਰੀਵਾਲਾ, ਵਰੁਣ ਬੱਤਾ, ਜਸਵਿੰਦਰ ਟਿੱਲੂ, ਬਲਦੇਵ ਭੁੱਚਰ, ਮੋਹਨ ਲਾਲ ਸਾਬਕਾ ਨਗਰ ਕੌਂਸਲਰ, ਯੂਥ ਹਲਕਾ ਪ੍ਰਧਾਨ ਲੱਕੀ ਕੰਡਾ ਅਤੇ ਸਤਨਾਮ ਸਿੰਘ ਪੱਖੀ ਸੇਖਵਾਂ ਸਮੇਤ ਵੱਡੀ ਗਿਣਤੀ ਵਿਚ ਕਾਰਕੁਨ ਹਾਜ਼ਰ ਸਨ। ਇਹ ਭੀੜ ਦੱਸਦੀ ਸੀ ਕਿ ਕਾਂਗਰਸ ਅੰਦਰ ਇਸ ਮੁੱਦੇ ਨੂੰ ਲੈ ਕੇ ਕਿੰਨਾ ਗੁੱਸਾ ਅਤੇ ਏਕਤਾ ਹੈ। ਇਹ ਭੁੱਖ ਹੜਤਾਲ ਸਿਰਫ਼ ਇਕ ਮੁਕੱਦਮੇ ਦਾ ਮਾਮਲਾ ਨਹੀਂ। ਇਸ ਦੇ ਪਿੱਛੇ ਇੱਕ ਵੱਡਾ ਸਿਆਸੀ ਸੁਨੇਹਾ ਲੁਕਿਆ ਹੋਇਆ ਹੈ। ਵਿਰੋਧੀ ਧਿਰ ਵਜੋਂ ਕਾਂਗਰਸ ਇਹ ਦਿਖਾਉਣਾ ਚਾਹੁੰਦੀ ਹੈ ਕਿ ਉਹ ਸੜਕਾਂ 'ਤੇ ਲੜਨ ਤੋਂ ਨਹੀਂ ਡਰਦੀ।
