ਅੱਗ ਲੱਗਣ ਕਾਰਨ 9 ਏਕੜ ਕਣਕ ਸੜ ਕੇ ਸੁਆਹ

04/16/2018 8:05:45 AM

ਸ੍ਰੀ ਮੁਕਤਸਰ ਸਾਹਿਬ  (ਪਵਨ) - ਨੇੜਲੇ ਪਿੰਡ ਥਾਂਦੇਵਾਲਾ ਕੋਲ ਐਤਵਾਰ ਦੀ ਸ਼ਾਮ ਕਰੀਬ 4:00 ਵਜੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਖੇਤਾਂ 'ਚ ਪੱਕੀ ਕਣਕ ਦੀ ਫਸਲ ਨੂੰ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰਦਿਆਂ 9 ਏਕੜ ਕਣਕ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਦਕਿ 3 ਏਕੜ ਨਾੜ ਵੀ ਸੜ ਕੇ ਸੁਆਹ ਹੋ ਗਿਆ। ਮੌਕੇ 'ਤੇ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਪਿੰਡ ਵਾਸੀਆਂ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ, ਜਿਸ ਕਰ ਕੇ ਨਾਲ ਦੇ ਖੇਤਾਂ 'ਚ ਪੱਕੀ ਹੋਰ ਕਣਕ ਦੀ ਫਸਲ ਦਾ ਬਚਾਅ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਜਾਣਕਾਰੀ ਅਨੁਸਾਰ ਅੱਗ ਲੱਗਣ ਨਾਲ ਪਿੰਡ ਥਾਂਦੇਵਾਲਾ ਦੇ ਕਿਸਾਨ ਹਰਬੰਸ ਸਿੰਘ ਪੁੱਤਰ ਗੁਰਚਰਨ ਸਿੰਘ ਦੀ ਡੇਢ ਏਕੜ ਕਣਕ ਅਤੇ 3 ਏਕੜ ਨਾੜ, ਜਦਕਿ ਸਰਤਾਜ ਸਿੰਘ ਪੁੱਤਰ ਰਣਜੀਤ ਸਿੰਘ ਦੀ ਡੇਢ ਏਕੜ ਕਣਕ, ਗੁਰਦਾਸ ਸਿੰਘ ਪੁੱਤਰ ਕਰਨੈਲ ਸਿੰਘ ਦੀ 2 ਏਕੜ ਕਣਕ ਅਤੇ ਸੁਖਮੰਦਰ ਸਿੰਘ ਪੁੱਤਰ ਅਜਾਇਬ ਸਿੰਘ ਦੀ 4 ਏਕੜ ਕਣਕ ਅੱਗ ਲੱਗਣ ਕਾਰਨ ਸੜ ਕੇ ਸਆਿਹ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਇਰ ਅਫਸਰ ਚਿਮਨ ਲਾਲ ਸ਼ਰਮਾ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਇਸ ਅੱਗ ਕਾਰਨ ਕਿਸਾਨਾਂ ਦਾ ਕਰੀਬ 4 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਪ੍ਰਭਾਵਿਤ ਕਿਸਾਨਾਂ ਨੇ ਸਰਕਾਰ ਤੋਂ ਹੋਏ ਫਸਲ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।


Related News