ਅਰਜੁਨ ਇੰਟਰਨੈਸ਼ਨਲ ਫੈਕਟਰੀ ''ਚ ਲੱਗੀ ਅੱਗ
Wednesday, Apr 04, 2018 - 05:04 AM (IST)

ਜਲੰਧਰ, (ਮ੍ਰਿਦੁਲ)- ਬਸਤੀ ਸ਼ੇਖ ਵਿਚ 120 ਫੁੱਟੀ ਰੋਡ 'ਤੇ ਸਥਿਤ ਮਨਜੀਤ ਨਗਰ ਵਿਚ ਅਰਜੁਨ ਇੰਟਰਨੈਸ਼ਨਲ ਫੈਕਟਰੀ ਵਿਚ ਅਚਾਨਕ ਅੱਗ ਲੱਗ ਗਈ। ਅੱਗ ਦੇਰ ਰਾਤ ਇਕ ਵਜੇ ਦੇ ਕਰੀਬ ਲੱਗੀ। ਅੱਗ ਲੱਗਣ ਕਾਰਨ ਆਲੇ-ਦੁਆਲੇ ਦੇ ਲੋਕਾਂ ਨੇ ਪਹਿਲਾਂ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਫੋਨ ਕਰ ਕੇ ਦੱਸਿਆ, ਜਿਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਆ ਕੇ ਆਪਣਾ ਕੰਮ ਸ਼ੁਰੂ ਕੀਤਾ। ਫੈਕਟਰੀ ਮਾਲਕ ਰਾਜ ਕੁਮਾਰ ਖੰਨਾ ਨੇ ਦੱਸਿਆ ਕਿ ਉਹ ਚੱਪਲਾਂ ਬਣਾਉਂਦੇ ਹਨ। ਸੋਮਵਾਰ ਰਾਤ 1 ਵਜੇ ਦੇ ਕਰੀਬ ਜਦੋਂ ਉਹ ਘਰ ਸੌਂ ਰਹੇ ਸਨ ਕਿ ਇੰਨੇ ਵਿਚ ਹੀ ਉਨ੍ਹਾਂ ਨੂੰ ਮਾਰਕੀਟ ਦੇ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਉਨ੍ਹਾਂ ਦੀ ਫੈਕਟਰੀ ਵਿਚ ਅੱਗ ਲੱਗ ਗਈ ਹੈ, ਜਿਸ ਤੋਂ ਬਾਅਦ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਫੈਕਟਰੀ ਦੇ ਪਿਛਲੇ ਹਿੱਸੇ ਵਿਚ ਅੱਗ ਲੱਗੀ ਹੈ, ਜਿਥੇ ਦੇਖਦੇ-ਦੇਖਦੇ ਹੀ ਉਥੋਂ ਅੱਗ ਦੀਆਂ ਲਪਟਾਂ ਬਾਹਰ ਤੱਕ ਆ ਗਈਆਂ। ਆਲੇ-ਦੁਆਲੇ ਦੇ ਲੋਕ ਜਦੋਂ ਇਕੱਠੇ ਹੋਏ ਤਾਂ ਉਨ੍ਹਾਂ ਨੇ ਫਾਇਰ ਬ੍ਰਿਗੇਡ ਨਾਲ ਮਿਲ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਕਰੀਬ 3 ਘੰਟੇ ਦੀ ਮੁਸ਼ੱਕਤ ਤੋਂ ਬਾਅਦ 4 ਵਜੇ ਤੱਕ ਅੱਗ 'ਤੇ ਕਾਬੂ ਪਾਇਆ ਗਿਆ। ਮੌਕੇ 'ਤੇ ਥਾਣਾ 5 ਦੀ ਪੁਲਸ ਨੇ ਆ ਕੇ ਜਾਂਚ ਸ਼ੁਰੂ ਕਰ ਦਿੱਤੀ।