ਪੰਜਾਬੀਆਂ ਨੂੰ ਫ਼ਿਰ ਸਤਾਉਣ ਲੱਗੀ ਹੁੰਮਸ ਭਰੀ ਗਰਮੀ! ਜਾਣੋ ਕਦੋਂ ਪਵੇਗਾ ਮੀਂਹ
Saturday, Jul 26, 2025 - 10:56 AM (IST)

ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਦੇ ਮੌਸਮ ਨੇ ਇਕ ਵਾਰ ਫ਼ਿਰ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ। ਕੁਝ ਦਿਨ ਬਾਰਿਸ਼ ਕਾਰਨ ਤਾਪਮਾਨ ਵਿਚ ਆਈ ਗਿਰਾਵਟ ਤੋਂ ਬਾਅਦ ਇਕ ਵਾਰ ਫ਼ਿਰ ਹੁੰਮਸ ਭਰੀ ਗਰਮੀ ਨੇ ਸਤਾਉਣਾ ਸ਼ੁਰੂ ਕਰ ਦਿੱਤਾ ਹੈ। ਸੂਬੇ ਵਿਚ ਕਈ ਥਾਈਂ ਤਾਪਮਾਨ ਇਕ ਵਾਰ ਫ਼ਿਰ 40 ਡਿਗਰੀ ਦੇ ਕਰੀਬ ਪਹੁੰਚਣ ਲੱਗ ਪਿਆ ਹੈ। ਉੱਥੇ ਹੀ ਵਿਭਾਗ ਮੁਤਾਬਕ ਅੱਜ ਸੂਬੇ ਵਿਚ ਕੁਝ ਕੁ ਥਾਵਾਂ ਨੂੰ ਛੱਡ ਕੇ ਬਾਰਿਸ਼ ਦੀ ਵੀ ਕੋਈ ਸੰਭਾਵਨਾ ਨਹੀਂ ਹੈ, ਜਿਸ ਕਾਰਨ ਤਾਪਮਾਨ ਵਿਚ ਹੋਰ ਵੀ ਵਾਧਾ ਹੋ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਹਲਚਲ! ਛਿੜੀ ਨਵੀਂ ਚਰਚਾ
ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਕਈ ਬਹੁਤ ਘੱਟ ਥਾਵਾਂ 'ਤੇ ਹੀ ਹਲਕੀ ਬਾਰਿਸ਼ ਦਾ ਅਸਰ ਵੇਖਣ ਨੂੰ ਮਿਲਿਆ। ਸੂਬੇ ਦੇ ਤਾਪਮਾਨ ਵਿਚ ਵੀ ਹਲਕਾ ਵਾਧਾ ਦਰਜ ਕੀਤਾ ਗਿਆ ਹੈ। ਲੁਧਿਆਣਾ ਦੇ ਸਮਰਾਲਾ ਵਿਚ ਸਭ ਤੋਂ ਵੱਧ ਤਾਪਮਾਨ 38 ਡਿਗਰੀ ਦਰਜ ਕੀਤਾ ਗਿਆ। ਉੱਥੇ ਹੀ ਬਾਕੀ ਸਾਰੇ ਜ਼ਿਲ੍ਹਿਆਂ ਵਿਚ ਵੀ ਤਾਪਮਾਨ 35 ਡਿਗਰੀ ਦੇ ਕਰੀਬ ਹੀ ਰਿਹਾ।
ਮੌਸਮ ਵਿਭਾਗ ਨੇ ਅਗਲੇ ਕੁਝ ਦਿਨ ਮੀਂਹ ਬਾਰੇ ਸੂਬੇ ਵਿਚ ਕੋਈ ਅਲਰਟ ਵੀ ਜਾਰੀ ਨਹੀਂ ਕੀਤਾ। ਹਾਲਾਂਕਿ ਅੱਜ ਪਠਾਨਕੋਟ, ਹੁਸ਼ਿਆਰੁਪਰ, ਰੂਪਨਗਰ ਅਤੇ ਮੋਹਾਲੀ ਵਿਚ ਕਈ ਥਾਵਾਂ 'ਤੇ ਹਲਕੀ ਬਾਰਿਸ਼ ਦੀ ਥੋੜ੍ਹੀ ਸੰਭਾਵਨਾ ਤਾਂ ਹੈ, ਪਰ ਬਾਕੀ ਸਾਰੇ ਜ਼ਿਲ੍ਹਿਆਂ ਵਿਚ ਮੌਸਮ ਸਾਫ਼ ਰਹੇਗਾ ਤੇ ਧੁੱਪ ਖਿੜਣ ਕਾਰਨ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ।
ਇਹ ਖ਼ਬਰ ਵੀ ਪੜ੍ਹੋ - MP ਅੰਮ੍ਰਿਤਪਾਲ ਸਿੰਘ ਨੇ ਜੇਲ੍ਹ 'ਚੋਂ ਭੇਜਿਆ ਸੰਦੇਸ਼, ਆਖ਼ੀਆਂ ਇਹ ਗੱਲਾਂ
ਭਲਕੇ ਯਾਨੀ 27 ਜੁਲਾਈ ਨੂੰ ਵਿਭਾਗ ਨੇ ਪਠਾਨਕੋਟ, ਹੁਸ਼ਿਆਰਪੁਰ ਤੇ ਰੂਪਨਗਰ ਦੇ ਜ਼ਿਆਦਾਤਰ ਇਲਾਕਿਆਂ ਵਿਚ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਕੱਲ੍ਹ ਸੂਬੇ ਦੇ ਅੱਧੇ ਤੋਂ ਵੱਧ ਜ਼ਿਲ੍ਹਿਆਂ ਵਿਚ ਹਲਕੀ ਬਾਰਿਸ਼ ਹੋ ਸਕਦੀ ਹੈ, ਪਰ ਵਿਭਾਗ ਵੱਲੋਂ ਫ਼ਿਲਹਾਲ ਕਿਸੇ ਕਿਸਮ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ।
ਇਸੇ ਤਰ੍ਹਾਂ ਟਾਂਵੀਆਂ-ਟਾਂਵੀਆਂ ਥਾਵਾਂ 'ਤੇ ਬਾਰਿਸ਼ ਦਾ ਇਹ ਸਿਲਸਿਲਾ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗਾ, ਪਰ ਫ਼ਿਲਹਾਲ ਬਹੁਤ ਤੇਜ਼ ਮੀਂਹ ਦੀ ਕੁਝ ਦਿਨ ਤਕ ਕੋਈ ਸੰਭਾਵਨਾ ਨਹੀਂ ਜਤਾਈ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8