ਮੁਕਤਸਰ : ਸਿਲੰਡਰ ਫੱਟਣ ਕਾਰਨ ਦੋ ਦੁਕਾਨਾਂ ਨੂੰ ਲੱਗੀ ਅੱਗ
Monday, Jan 22, 2018 - 04:00 PM (IST)

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ, ਪਵਨ ਤਨੇਜਾ) - ਸਥਾਨਕ ਮਲੋਟ ਰੋਡ 'ਤੇ ਚੱਲ ਰਹੇ ਮੇਲੇ ਦੌਰਾਨ ਗੈਸ ਸਿਲੰਡਰ ਦੀ ਇਕ ਪਾਈਪ ਲੀਕ ਹੋ ਜਾਣ ਕਾਰਨ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਕਰੀਬ ਢਾਈ ਲੱਖ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਮੇਰਠ ਦੇ ਬੁਲੰਦ ਸ਼ਹਿਰ ਦਾ ਨਿਵਾਸੀ ਰਾਜੇਸ਼ ਕੁਮਾਰ ਜੋ ਖਜਲੇ (ਮਿੱਠਆਈ ) ਦੀ ਦੁਕਾਨ 'ਤੇ ਕੰਮ ਕਰ ਰਿਹਾ ਸੀ। ਜਦਕਿ ਉਸ ਦਾ ਸਹਿਯੋਗੀ ਗੈਸ ਸਿਲੰਡਰ 'ਤੇ ਸਬਜ਼ੀ ਬਣਾ ਰਿਹਾ ਸੀ। ਅਚਾਨਕ ਗੇਸ ਦੀ ਪਾਈਪ ਲੀਕ ਹੋਣ ਕਾਰਨ ਅੱਗ ਦੀਆਂ ਤੇਜ਼ ਲਪਟਾਂ ਨਿਕਲੀਆਂ ਜਿਨ੍ਹਾਂ ਨੇ ਦੇਖਦਿਆਂ ਦੇਖਦਿਆਂ ਦੁਕਾਨ ਉੱਤੇ ਲੱਗੀ ਤਰਪਾਲ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸੇ ਦੌਰਾਨ ਅੱਗ ਨੇ ਭਿਆਨਕ ਰੂਪ ਧਾਰ ਲਿਆ। ਇਹ ਅੱਗ ਉਸ ਦੇ ਨਾਲ ਬੈਗਾਂ ਦੀ ਦੁਕਾਨ ਲੱਗਾ ਕੇ ਬੈਠੇ ਅਮ੍ਰਿੰਤਸਰ ਨਿਵਾਸੀ ਵਿਕਾਸ ਕੁਮਾਰ ਨੂੰ ਵੀ ਲੱਗ ਗਈ। ਜਿਸ ਕਾਰਨ ਮੇਲੇ 'ਚ ਹੜਕੰਪ ਮਚ ਗਿਆ ਅਤੇ ਲੋਕਾਂ ਇੱਧਰ-ਉੱਧਰ ਭੱਜਣ ਲੱਗ ਪਏ ਜਦੋਕਿ ਕੁਝ ਲੋਕਾਂ ਨੇ ਉਨ੍ਹਾਂ ਦਾ ਸਮਾਨ ਚੁੱਕ ਦੂਜੇ ਪਾਸੇ ਸੁੱਟਣਾ ਸ਼ੁਰੂ ਕਰ ਦਿੱਤਾ ਤਾਕਿ ਅੱਗ 'ਤੇ ਕਾਬੂ ਪਾਇਆ ਜਾ ਸਕੇ। ਇਸੇ ਦੌਰਾਨ ਦੁਕਾਨਾਂ ਦੇ ਨੇੜੇ ਸਥਿਤ ਇਕ ਮਕਾਨ ਦੇ ਮਾਲਕ ਨੇ ਆਪਣੀ ਮੋਟਰ ਚਲਾ ਕੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਭਾਵੇਂ ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਪਰ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾ ਲੋਕਾਂ ਨੇ ਖੁਦ ਅੱਗ 'ਤੇ ਕਾਬੂ ਪਾ ਲਿਆ ਸੀ। ਇਸ ਦੌਰਾਨ ਰਾਜੇਸ਼ ਕੁਮਾਰ ਦੀ ਮਿਠਾਈ ਦੀ ਦੁਕਾਨ ਦੇ ਨਾਲ ਖੰਡ, ਘਿਓ, ਫਰਨੀਚਰ, ਬਾਂਸ, ਤਰਪਾਲ ਆਦਿ ਸੜ ਗਿਆ। ਜਿਸ ਕਾਰਨ ਉਸ ਦਾ ਕਰੀਬ ਢੇਡ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਜਦਕਿ ਦੂਸਰੇ ਦੁਕਾਨਦਾਰ ਦੇ ਬੈਗ ਆਦਿ ਸੜ ਗਏ। ਵਿਕਾਸ ਕੁਮਾਰ ਅਨੁਸਾਰ ਉਸ ਦਾ ਇਕ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।