ਸ੍ਰੀ ਮੁਕਤਸਰ ਸਾਹਿਬ ਵਿਖੇ ਵਾਰਦਾਤ ਦੀ ਨੀਅਤ ਨਾਲ ਬੈਠੇ ਚਾਰ ਨੌਜਵਾਨ ਹਥਿਆਰਾਂ ਸਣੇ ਗ੍ਰਿਫ਼ਤਾਰ

Tuesday, Jan 13, 2026 - 04:55 PM (IST)

ਸ੍ਰੀ ਮੁਕਤਸਰ ਸਾਹਿਬ ਵਿਖੇ ਵਾਰਦਾਤ ਦੀ ਨੀਅਤ ਨਾਲ ਬੈਠੇ ਚਾਰ ਨੌਜਵਾਨ ਹਥਿਆਰਾਂ ਸਣੇ ਗ੍ਰਿਫ਼ਤਾਰ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)– ਸ੍ਰੀ ਮੁਕਤਸਰ ਸਾਹਿਬ ਪੁਲਸ ਵੱਲੋਂ ਸ਼ਰਾਰਤੀ ਅਨਸਰਾਂ ਅਤੇ ਗੈਰ-ਕਾਨੂੰਨੀ ਅਸਲੇ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਤਾਂ ਜੋ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਸੇ ਲੜੀ ਤਹਿਤ, ਐਸ.ਪੀ (ਡੀ)  ਮਨਮੀਤ ਸਿੰਘ ਢਿੱਲੋਂ ਅਤੇ ਡੀ.ਐਸ.ਪੀ (ਡੀ) ਰਛਪਾਲ ਸਿੰਘ ਦੀ ਨਿਗਰਾਨੀ ਹੇਠ, ਇੰਸਪੈਕਟਰ ਮੁਖਤਿਆਰ ਸਿੰਘ, ਇੰਚਾਰਜ ਸੀ.ਆਈ.ਏ. ਸ੍ਰੀ ਮੁਕਤਸਰ ਸਾਹਿਬ ਅਤੇ ਪੁਲਸ ਪਾਰਟੀ ਵਲੋਂ ਵੱਡੀ ਸਫਲਤਾ ਹਾਸਲ ਕਰਦਿਆਂ ਵਾਰਦਾਤ ਕਰਨ ਦੀ ਨੀਅਤ ਨਾਲ ਬੈਠੇ ਚਾਰ ਨੌਜਵਾਨਾਂ ਨੂੰ ਨਜਾਇਜ਼ ਅਸਲੇ ਸਮੇਤ ਕਾਬੂ ਕੀਤਾ ਗਿਆ ਹੈ।

ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ, ਸੀ.ਆਈ.ਏ. ਟੀਮ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੇ ਏਰੀਏ ਵਿਚ ਗਸ਼ਤ ਅਤੇ ਸ਼ੱਕੀ ਮੁਲਜ਼ਮਾਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਮੁਖ਼ਬਰ ਖ਼ਾਸ ਵੱਲੋਂ ਭਰੋਸੇਯੋਗ ਸੂਚਨਾ ਮਿਲੀ ਕਿ ਕੁਝ ਨੌਜਵਾਨ ਬੂੜਾ ਗੁੱਜਰ ਰੋਡ ਰਜਬਾਹੇ ਦੇ ਪੁੱਲ ਨੇੜੇ ਲਾਂਬਾ ਫਾਰਮ ਕੋਲ, ਇਕ ਕਾਰ ਵਿਚ ਬੈਠ ਕੇ ਕਿਸੇ ਗੰਭੀਰ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਹਨ। ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਸ ਪਾਰਟੀ ਵੱਲੋਂ ਨਾਕਾਬੰਦੀ ਕਰਕੇ ਵਰਨਾ ਕਾਰ ਨੰਬਰ PB-04-AB-5304 (ਰੰਗ ਸਿਲਵਰ) ਨੂੰ ਰੋਕ ਕੇ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਚਾਰਾਂ ਮੁਲਜ਼ਮਾਂ ਕੋਲੋਂ ਗੈਰ-ਕਾਨੂੰਨੀ ਅਸਲਾ ਅਤੇ ਜ਼ਿੰਦਾ ਰੋਂਦ ਬਰਾਮਦ ਕੀਤੇ ਗਏ ਅਤੇ ਉਨ੍ਹਾਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ।

7 ਜਨਵਰੀ ਨੂੰ ਕੀਤੀ ਸੀ ਫ਼ਾਇਰਿੰਗ

ਮੁੱਢਲੀ ਪੁਛਗਿਛ ਇਕ ਗੱਲ ਸਾਹਮਣੇ ਆਈ ਕਿ ਉਕਤ ਮੁਲਜ਼ਮਾਂ ਵੱਲੋਂ 7 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਕੋਟਲੀ ਰੋਡ ਤੇ ਕਿਸੇ ਵਿਅਕਤੀ ਦੇ ਘਰ ਦੇ ਗੇਟ 'ਤੇ ਰਾਤ ਸਮੇਂ ਫਾਇਰਿੰਗ ਕਰਕੇ ਫਰਾਰ ਹੋ ਗਏ ਸਨ। ਇਨ੍ਹਾਂ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਵੀ ਡੁਘਾਈ ਨਾਲ ਤਫਤੀਸ਼ ਅਮਲ ਵਿਚ ਲਿਆਂਦੀ ਜਾਵੇਗੀ।

ਪਹਿਲਾਂ ਵੀ ਕਈ ਮਾਮਲੇ ਦਰਜ

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੂਰਜ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਸੁਰਗਾਪੁਰੀ ਬਸਤੀ, ਸ੍ਰੀ ਮੁਕਤਸਰ ਸਾਹਿਬ, ਕਰਮ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਸੁਰਗਾਪੁਰੀ ਬਸਤੀ, ਸ੍ਰੀ ਮੁਕਤਸਰ ਸਾਹਿਬ, ਅਤਿੰਦਰਪਾਲ ਸਿੰਘ ਉਰਫ ਬਾਬਾ ਪੁੱਤਰ ਹਰਚੰਦ ਸਿੰਘ ਵਾਸੀ ਚੱਕ ਸ਼ੇਰੇ ਵਾਲਾ ਅਤੇ ਹਰਪ੍ਰੀਤ ਸਿੰਘ ਉਰਫ ਗੌਰਵ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਰੁਪਾਣਾ ਵਜੋਂ ਹੋਈ ਹੈ। ਪੁਲਸ ਮੁਤਾਬਕ ਸੂਰਜ, ਅਤਿੰਦਰਾਲ ਸਿੰਘ ਅਤੇ ਕਰਮ ਸਿੰਘ ਤੇ ਪਹਿਲਾਂ ਵੀ NDPS ਤੇ ਆਰਮਜ਼ ਐਕਟ ਤਹਿਤ ਵੱਖ-ਵੱਖ ਥਾਣਿਆਂ ਵਿਚ ਕਈ ਮਾਮਲੇ ਦਰਜ ਹਨ। 


author

Anmol Tagra

Content Editor

Related News