ਮਾਘੀ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ: ਆਸਥਾ ਅੱਗੇ ਪਿਆ ਫਿੱਕਾ ਮੌਸਮ ਦਾ ਮਿਜ਼ਾਜ
Wednesday, Jan 14, 2026 - 03:15 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 40 ਮੁਕਤਿਆਂ ਦੀ ਸ਼ਹਾਦਤ ਦੀ ਸਾਕਸ਼ੀ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਮਾਘੀ ਜੋੜ ਮੇਲਾ ਸ਼ੁਰੂ ਹੋ ਗਿਆ ਹੈ। ਮਾਘੀ ਜੋੜ ਮੇਲੇ ਦੇ ਚਲਦਿਆਂ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਸ੍ਰੀ ਮੁਕਤਸਰ ਸਾਹਿਬ ਆਗਮਨ ਹੋਇਆ ਹੈ। ਲੋਹੜੀ ਦੀ ਰਾਤ ਤੋਂ ਹੀ ਸੰਗਤ ਪਹੁੰਚਣ ਲੱਗੀ ਸੀ ਅਤੇ ਸਵੇਰ ਤੋਂ ਬਾਅਦ ਦੁਪਹਿਰ ਤੱਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਪਹੁੰਚਣ ਅਤੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਦਾ ਸਿਲਸਿਲਾ ਚੱਲਦਾ ਰਹੇਗਾ। ਘੱਟੋ-ਘੱਟ 4 ਡਿਗਰੀ ਤਾਪਮਾਨ ਵਿੱਚ ਕੜਾਕੇ ਦੀ ਠੰਢ ਅਤੇ ਸ਼ੀਤ ਲਹਿਰ ਦੇ ਦਰਮਿਆਨ ਵੀ ਸੰਗਤਾਂ ਦੀ ਆਸਥਾ ਘੱਟ ਹੋਣ ਦਾ ਨਾਮ ਨਹੀਂ ਲੈ ਰਹੀ ਅਤੇ ਸੰਗਤ ਇਸ਼ਨਾਨ ਨੂੰ ਉਮੜਣ ਲੱਗੀ ਹੈ। ਹਾਲਾਂਕਿ ਸੰਗਤ ਰਾਤ 12 ਵਜੇ ਹੀ ਉਮੜਣ ਲੱਗੀ ਸੀ ਅਤੇ ਇਸ ਦਰਮਿਆਨ ਤਾਂ ਨਿਊਨਤਮ ਤਾਪਮਾਨ 2 ਤੋਂ 3 ਡਿਗਰੀ ਤੱਕ ਆਂਕਿਆ ਜਾ ਰਿਹਾ ਸੀ।
ਸੰਗਤਾਂ ਨੇ 40 ਮੁਕਤਿਆਂ ਨੂੰ ਨਮਨ ਕਰਦੇ ਹੋਏ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕੀਤਾ। ਸੰਗਤ ਜਿੱਥੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਚ ਨਤਮਸਤਕ ਹੋਈ, ਉੱਥੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਟਿੱਬੀ ਸਾਹਿਬ, ਗੁਰਦੁਆਰਾ ਦਾਤਨਸਰ ਸਾਹਿਬ, ਗੁਰਦੁਆਰਾ ਤਰਨਤਾਰਨ ਸਾਹਿਬ ਸਮੇਤ ਹੋਰ ਗੁਰਦੁਆਰਿਆਂ ਵਿੱਚ ਵੀ ਨਤਮਸਤਕ ਹੋਣ ਲਈ ਸੰਗਤ ਪਹੁੰਚ ਰਹੀ ਹੈ।

ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਿਰਮਲਜੀਤ ਸਿੰਘ ਨੇ ਦੱਸਿਆ ਕਿ 12 ਜਨਵਰੀ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਇਆ ਸੀ, ਜਿਸਦਾ ਮਾਘੀ ਮੌਕੇ ਸਵੇਰੇ ਸਾਢੇ ਸੱਤ ਵਜੇ ਭੋਗ ਪਾਇਆ ਗਿਆ। ਭਾਈ ਮਹਾਂ ਸਿੰਘ ਦੀਵਾਨ ਹਾਲ ਵਿੱਚ ਧਾਰਮਿਕ ਦੀਵਾਨ ਸਜਾਏ ਗਏ। ਰਾਗੀ-ਢਾਡੀ ਜੱਥਿਆਂ ਵੱਲੋਂ ਸੰਗਤਾਂ ਨੂੰ ਜਿੱਥੇ ਗੁਰੂ ਯਸ਼ ਸੁਣਾ ਕੇ ਨਿਹਾਲ ਕੀਤਾ ਗਿਆ, ਉੱਥੇ ਸਿੱਖ ਇਤਿਹਾਸ ਅਤੇ 40 ਮੁਕਤਿਆਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਇਆ ਗਿਆ। 15 ਜਨਵਰੀ ਨੂੰ ਗੁਰਦੁਆਰਾ ਟਿੱਬੀ ਸਾਹਿਬ ਵਿੱਚ ਵਿਸ਼ੇਸ਼ ਢਾਡੀ ਸਮਾਗਮ ਹੋਵੇਗਾ। ਇਸੇ ਦਿਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਨਾਕਾ ਨੰਬਰ 4 ਤੋਂ ਨਗਰ ਕੀਰਤਨ ਆਰੰਭ ਹੋਵੇਗਾ, ਜੋ ਗੁਰਦੁਆਰਾ ਟਿੱਬੀ ਸਾਹਿਬ, ਗੁਰਦੁਆਰਾ ਦਾਤਨਸਰ ਸਾਹਿਬ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਸੰਪੰਨ ਹੋਵੇਗਾ। ਨਗਰ ਕੀਰਤਨ ਦਾ ਥਾਂ-ਥਾਂ ਸਵਾਗਤ ਕੀਤਾ ਜਾਵੇਗਾ। ਇਸੇ ਦਿਨ ਸਵੇਰੇ ਗਿਆਰਾਂ ਵਜੇ ਗੁਰਦੁਆਰਾ ਤੰਬੂ ਸਾਹਿਬ ਵਿੱਚ ਇੱਛੁਕ ਸੰਗਤਾਂ ਨੂੰ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ।
ਮਲੋਟ ਰੋਡ ’ਤੇ ਮਨੋਰੰਜਨ ਮੇਲਾ ਵੀ ਸ਼ੁਰੂ
ਮਲੋਟ ਰੋਡ ’ਤੇ ਮਨੋਰੰਜਨ ਮੇਲਾ ਵੀ ਸ਼ੁਰੂ ਹੋ ਗਿਆ ਹੈ। ਗੁਰੂਘਰਾਂ ਵਿਚ ਮੱਥਾ ਟੇਕਣ ਤੋਂ ਬਾਅਦ ਸੰਗਤ ਪਰਿਵਾਰ ਸਮੇਤ ਮਨੋਰੰਜਨ ਮੇਲੇ ਦਾ ਆਨੰਦ ਲਵੇਗੀ। ਮਨੋਰੰਜਨ ਮੇਲਾ 28 ਫਰਵਰੀ ਤੱਕ ਚੱਲੇਗਾ। ਉੱਥੇ ਹੀ ਮਲੋਟ ਰੋਡ ’ਤੇ ਮੇਲਾ ਗਰਾਊਂਡ ਦੇ ਆਸ-ਪਾਸ ਵੱਖ-ਵੱਖ ਸਾਜੋ-ਸਾਮਾਨ ਦੀਆਂ ਦੁਕਾਨਾਂ ਅਤੇ ਸਟਾਲਾਂ ਲੱਗਣ ਨਾਲ ਮੇਲੇ ਦੀ ਰੌਣਕ ਵਧ ਗਈ ਹੈ। ਦੱਸਣਯੋਗ ਹੈ ਕਿ ਲੋਹੜੀ ਦੀ ਰਾਤ ਜਿਵੇਂ ਹੀ ਸੰਗਤਾਂ ਦਾ ਮੁਕਤਸਰ ਆਗਮਨ ਸ਼ੁਰੂ ਹੋਇਆ ਤਾਂ ਸ਼ਹਿਰ ਦੇ ਦਾਨੀ ਸੱਜਣਾਂ ਨੇ ਵੀ ਹਰ ਵਾਰ ਦੀ ਤਰ੍ਹਾਂ ਦਿਲ ਖੋਲ੍ਹ ਕੇ ਲੰਗਰ ਸ਼ੁਰੂ ਕਰ ਦਿੱਤੇ। ਸੰਗਤਾਂ ਦੇ ਸਵਾਗਤ ਲਈ ਥਾਂ-ਥਾਂ ਵੱਖ-ਵੱਖ ਪ੍ਰਕਾਰ ਦੇ ਲੰਗਰ ਚੱਲ ਰਹੇ ਹਨ।
