ਫਾਇਰ ਕਰਨ ਤੇ ਘਰ ''ਚ ਦਾਖ਼ਲ ਹੋ ਕੇ ਗੱਡੀ ਦੀ ਭੰਨਤੋੜ ਕਰਨ ''ਤੇ 11 ਲੋਕਾਂ ਖ਼ਿਲਾਫ਼ ਮਾਮਲਾ ਦਰਜ

Thursday, Aug 01, 2024 - 05:23 PM (IST)

ਜ਼ੀਰਾ (ਗੁਰਮੇਲ ਸੇਖਵਾਂ) : ਕਥਿਤ ਰੂਪ 'ਚ ਘਰ ਦੇ ਬਾਹਰ ਆ ਕੇ ਫਾਇਰ ਕਰਨ, ਕੈਮਰੇ ਤੋੜਨ ਅਤੇ ਘਰ 'ਚ ਦਾਖ਼ਲ ਹੋ ਕੇ ਗੱਡੀ ਦੀ ਭੰਨਤੋੜ ਕਰਨ ਦੇ ਦੋਸ਼ ਹੇਠ ਥਾਣਾ ਸਦਰ ਜ਼ੀਰਾ ਦੀ ਪੁਲਸ ਨੇ ਕਰੀਬ 11 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਸਹਾਇਕ ਥਾਣੇਦਾਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਅਤੇ ਬਿਆਨਾਂ 'ਚ ਅਮਰੀਕ ਸਿੰਘ ਪੁੱਤਰ ਹਜਾਰਾ ਸਿੰਘ ਵਾਸੀ ਅਮਰਗੜ੍ਹ ਬਾਂਡੀਆਂ ਨੇ ਦੋਸ਼ ਲਗਾਉਂਦੇ ਦੱਸਿਆ ਕਿ ਮੁੱਦਈ ਦਾ ਪਰਿਵਾਰ ਰੋਟੀ ਪਾਣੀ ਖਾ ਕੇ ਸੌਂ ਗਏ ਸੀ। ਮੁੱਦਈ ਲੋਬੀ ਵਿੱਚ ਇੱਕਲਾ ਸੀ ਤਾਂ ਰਾਤ ਕਰੀਬ 9.30 ਵਜੇ ਦੋਸ਼ੀ ਅਜੀਤ ਸਿੰਘ, ਨਿਰਮਲ ਸਿੰਘ, ਗੁਰਚਰਨ ਸਿੰਘ, ਦਵਿੰਦਰ ਸਿੰਘ, ਗੁਰਭੇਜ ਸਿੰਘ, ਗੁਰਭੇਜ ਸਿੰਘ ਦਾ ਭਰਾ ਅਤੇ 4-5ਅਣਪਛਾਤੇ ਲੋਕਾਂ ਨੇ ਮੁੱਦਈ ਦੇ ਘਰ ਜਾ ਕੇ ਬਾਹਰਲੇ ਬੂਹੇ ਨੂੰ ਧੱਕੇ ਮਾਰੇ ਅਤੇ ਗਾਲੀ-ਗਲੋਚ ਕਰਨ ਲੱਗੇ।

ਉਨ੍ਹਾਂ ਨੇ ਗੇਟ 'ਤੇ ਲੱਗੇ ਕੈਮਰਿਆਂ ’ਤੇ ਗੁਰਭੇਜ ਸਿੰਘ ਨੇ ਦਸਤੀ ਰਿਵਾਲਵਰ ਨਾਲ ਤੇ ਅਜੀਤ ਸਿੰਘ ਨੇ 12 ਬੋਰ ਬੰਦੂਕ ਨਾਲ ਫਾਇਰ ਕੀਤੇ। ਜਦੋਂ ਇਨ੍ਹਾਂ ਦਾ ਕੋਈ ਫਾਇਰ ਕੈਮਰੇ ਨੂੰ ਨਾ ਲੱਗਾ ਤਾਂ ਨਿਰਮਲ ਸਿੰਘ ਦੇ ਸਾਲੇ ਨੇ ਉਪਰ ਚੜ੍ਹ ਕੇ ਦੋਵੇਂ ਕੈਮਰੇ ਤੋੜ ਦਿੱਤੇ ਅਤੇ ਗੇਟ ਟੱਪ ਕੇ ਘਰ ਅੰਦਰ ਦਾਖ਼ਲ ਹੋ ਗਏ ਤੇ ਘਰ ਵਿੱਚ ਖੜ੍ਹੀ ਗੱਡੀ ਤੋੜ ਦਿੱਤੀ। ਲੋਕਾਂ ਦਾ ਇੱਕਠ ਹੁੰਦਾ ਦੇਖ ਕੇ ਦੋਸ਼ੀ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਗਏ। ਮੁਦੱਈ ਅਨੁਸਾਰ ਦੋਸ਼ੀਆਂ ਨੂੰ ਸ਼ੱਕ ਹੈ ਕਿ ਉਸਦਾ ਪੋਤਰਾ ਉਨ੍ਹਾਂ ਦੀ ਕੁੜੀ ਦਾ ਪਿੱਛਾ ਕਰਦਾ ਹੈ, ਇਸ ਕਰਕੇ ਉਨ੍ਹਾਂ ਨੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ। ਪੁਲਸ ਵੱਲੋਂ ਦੋਸ਼ੀਆਂ ਖ਼ਿਲਾਫ਼ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।


Babita

Content Editor

Related News