ਪਿੰਜਰਿਆਂ ''ਚ ਕੈਦ ਕੁੱਤਿਆਂ ’ਤੇ ਕਹਿਰ ਬਣ ਕੇ ਵਰ੍ਹੀ ਸ਼ਾਰਟ ਸਰਕਟ ਕਾਰਨ ਲੱਗੀ ਅੱਗ, 8 ਕੁੱਤੇ ਝੁਲਸ ਕੇ ਮਰੇ
Sunday, Mar 16, 2025 - 02:43 AM (IST)

ਲੁਧਿਆਣਾ (ਖੁਰਾਣਾ) - ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਲੋਹੇ ਦੇ ਪਿੰਜਰੇ ਵਿਚ ਕੈਦ ਕਈ ਪਾਲਤੂ ਕੁੱਤਿਆਂ ‘ਤੇ ਕਹਿਰ ਬਣ ਕੇ ਵਰ੍ਹੀ। ਭਿਆਨਕ ਹਾਦਸੇ ਦੌਰਾਨ ਵੱਖ ਵੱਖ ਨਸਲਾਂ ਦੇ 8 ਪਾਲਤੂ ਕੁੱਤੇ ਅੱਗ ਵਿਚ ਬੁਰੀ ਤਰ੍ਹਾਂ ਝੁਲਸ ਕੇ ਮਰ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਪਿਟਬੁਲ, ਪੋਮੇਰੇਨੀਅਨ ਡਾੱਗ, ਮਜ਼ਦੂਰ ਅਤੇ ਹੋਰ ਵੱਖ ਵੱਖ ਨਸਲਾਂ ਦੇ ਕੁੱਤਿਆਂ ਨੂੰ ਪਾਲਣ ਦੇ ਰੂਪ ਵਿਚ ਚਲਾਏ ਜਾ ਰਹੇ ਸ਼ੈਲਟਰ ਹੋਮ ਵਿਚ ਸੰਚਾਲਕ ਵੱਲੋਂ ਕੁੱਤਿਆਂ ਦਾ ਗੈਰਕਾਨੂੰਨੀ ਤਰੀਕੇ ਨਾਲ ਖੂਨ ਵੇਚਣ ਦਾ ਵੀ ਗੋਰਖਧੰਦਾ ਚਲਾਇਆ ਜਾ ਰਿਹਾ ਸੀ। ਇਸ ਦੌਰਾਨ ਕੁੱਤਿਆਂ ਨੂੰ ਸ਼ੈਲਟਰ ਹੋਮ ਵਿਚ ਬੰਦ ਕਰਕੇ ਸੰਚਾਲਕ ਆਪਣੇ ਘਰ ਚਲਾ ਜਾਂਦਾ ਹੈ, ਜਦੋਂਕਿ ਬੀਤੇ ਦਿਨੀਂ ਸ਼ੈਲਟਰ ਹੋਮ ਵਿਚ ਬਿਜਲੀ ਦੇ ਹੋਏ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ ਦੌਰਾਨ ਲੋਹੇ ਦੇ ਪਿੰਜਰੇ ਵਿਚ ਕੈਦ ਕੁੱਤੇ ਅੱਗ ਦੀ ਲਪੇਟ ਵਿਚ ਆਉਣ ਕਾਰਨ ਬੁਰੀ ਤਰ੍ਹਾਂ ਝੁਲਸ ਕੇ ਮਰ ਗਏ। ਬੇਜ਼ੁਬਾਨ ਕੁੱਤੇ ਪਿੰਜਰੇ ਵਿਚ ਕੈਦ ਹੋਣ ਕਾਰਨ ਮੌਕੇ ਤੋਂ ਭੱਜ ਕੇ ਆਪਣਾ ਬਚਾਅ ਤੱਕ ਨਹੀਂ ਕਰ ਸਕੇ।
ਹਾਲਾਂਕਿ ਇਸ ਦੌਰਾਨ ਦੂਰ ਪਿੰਜਰੇ ਵਿਚ ਕੈਦ ਗਈ ਕੁੱਤੇ ਤਾਂ ਬਚ ਗਏ ਪਰ ਉਹ ਬੇਜ਼ੁਬਾਨ ਅੱਗ ਦੀ ਲਪੇਟ ਵਿਚ ਆਉਣ ਕਾਰਨ ਝੁਲਸ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕੇ ਹਨ ਜਿਨ੍ਹਾਂ ਦਾ ਇਲਾਜ ਕਰਵਾਉਣ ਲਈ ਐਨੀਮਲ ਸੋਸਾਇਟੀ ਵੱਲੋਂ ਕੁੱਤਿਆਂ ਨੂੰ ਇਲਾਜ ਲਈ ਜਾਲਵਰਾਂ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਪੁਲਸ ਵੱਲੋਂ ਹੈਲਪ ਫਾਰ ਐਨੀਮਲ ਦੇ ਪ੍ਰਧਾਨ ਜੋਗਿੰਦਰ ਪਾਲ ਸਿੰਘ ਦੀ ਸ਼ਿਕਾਇਤ ‘ਤੇ ਸ਼ੈਲਟਰ ਹੋਮ ਦੇ ਸੰਚਾਲਕ ਦੇ ਖਿਲਾਫ ਭਾਰਤੀ ਨਿਆਂ ਸੰਹਿਤਾ ਦੀ ਧਾਰਾ 325 ਅਤੇ ਪ੍ਰੋਵਿਜ਼ਨਲ ਦਾ ਕਿਊਰੇਲੀ ਐਕਟ ਦੀ ਧਾਰਾ 11 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਵੱਲੋਂ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਦੋਸ਼ ਲਾਏ ਗਏ ਹਨ ਕਿ ਸ਼ੈਲਟਰ ਫਾਰਮ ਦੇ ਸੰਚਾਲਕ ਵੱਲੋਂ ਕੁੱਤਿਆਂ ਨੂੰ ਹੋਮ ਵਿਚ ਭੁੱਖਾ ਪਿਆਸਾ ਛੱਡ ਕੇ ਗੈਰ ਕਾਨੂੰਨੀ ਕੰਮਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ।
ਇਸ ਦੌਰਾਨ ਜਦੋਂ ਸ਼ਿਕਾਇਤ ਮਿਲਣ ‘ਤੇ ਪੁਲਸ ਮੌਕੇ‘ਤੇ ਜਾਂਚ ਕਰਨ ਪੁੱਜਦੀ ਸੀ ਤਾਂ ਗੇਟ ’ਤੇ ਬੰਨ੍ਹੇ ਹੋਏ ਪਿਟਬੁਲ ਪੁਲਸ ਮੁਲਾਜ਼ਮਾਂ ’ਤੇ ਟੁੱਟ ਪੈਂਦੇ ਜਿਸ ਕਾਰਨ ਸੰਚਾਲਕ ਵੱਲੋਂ ਸ਼ੈਲਟਰ ਹੋਮ ਵਿਚ ਗੈਰ ਕਾਨੂੰਨੀ ਕੰਮਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਬੀਤੇ ਦਿਨੀਂ ਸ਼ੈਲਟਰ ਹੋਮ ਵਿਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਭਿਆਨਕ ਅੱਗ ਵਿਚ ਲੋਹੇ ਦੇ ਪਿੰਜਰੇ ਵਿਚ ਕੈਦ ਵੱਖ ਵੱਖ ਨਸਲਾਂ ਦੇ 8 ਕੁੱਤਿਆਂ ਦੀ ਦਰਦਨਾਕ ਮੌਤ ਹੋ ਗਈ ਹੈ। ਸ਼ਿਕਾਇਤਕਰਤਾ ਜੋਗਿੰਦਰਪਾਲ ਸਿੰਘ ਵੱਲੋਂ ਮੁਲਜ਼ਮਾਂ ਖਿਲਾਫ ਸਖਤ ਵਿਭਾਗੀ ਕਾਰਵਾਈ ਕਰਨ ਦੀ ਮੰਗ ਰੱਖੀ ਗਈ ਹੈ।