ਸੋਸ਼ਲ ਮੀਡੀਆ 'ਤੇ ਹਥਿਆਰ ਲਹਿਰਾਉਣ 'ਤੇ ਭਾਨੂ ਪ੍ਰਤਾਪ 'ਤੇ ਪਰਚਾ ਦਰਜ
Thursday, Feb 05, 2026 - 05:23 PM (IST)
ਲੁਧਿਆਣਾ (ਰਾਜ): ਅਮਨ-ਸ਼ਾਂਤੀ ਭੰਗ ਕਰਨ ਅਤੇ ਸੋਸ਼ਲ ਮੀਡੀਆ 'ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਕੇ ਨੌਜਵਾਨਾਂ ਨੂੰ ਗਲਤ ਰਾਹ 'ਤੇ ਧੱਕਣ ਵਾਲਿਆਂ ਦੇ ਖ਼ਿਲਾਫ਼ ਲੁਧਿਆਣਾ ਪੁਲਸ ਨੇ ਸਖ਼ਤ ਰੁਖ ਅਖ਼ਤਿਆਰ ਕਰ ਲਿਆ ਹੈ। ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਨੇ ਇਕ ਨੌਜਵਾਨ ਨੂੰ ਨਾਮਜ਼ਦ ਕੀਤਾ ਹੈ, ਜੋ ਵੀਡੀਓ ਵਿਚ ਹਥਿਆਰ ਦਿਖਾ ਕੇ ਦਹਿਸ਼ਤ ਫੈਲਾ ਰਿਹਾ ਸੀ।
ਮਿਲੀ ਜਾਣਕਾਰੀ ਅਨੁਸਾਰ, ਐੱਸ.ਆਈ. ਪਰਮਜੀਤ ਸਿੰਘ ਸਮੇਤ ਪੁਲਸ ਪਾਰਟੀ ਬੀਤੇ ਦਿਨ 4 ਫਰਵਰੀ ਨੂੰ ਗਸ਼ਤ ਦੇ ਸਬੰਧ ਵਿਚ ਖਵਾਜਾ ਕੋਠੀ ਚੌਕ ਦੇ ਕੋਲ ਮੌਜੂਦ ਸੀ। ਇਸੇ ਦੌਰਾਨ ਪੁਲਿਸ ਨੂੰ ਖਾਸ ਮੁਖਬਰ ਤੋਂ ਸੂਚਨਾ ਮਿਲੀ ਕਿ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇੱਕ ਨੌਜਵਾਨ, ਸ਼ਰੇਆਮ ਹਥਿਆਰ ਲਹਿਰਾ ਰਿਹਾ ਹੈ। ਮੁਲਜ਼ਮ ਨਾ ਸਿਰਫ਼ ਹਥਿਆਰਾਂ ਦਾ ਪ੍ਰਦਰਸ਼ਨ ਕਰ ਰਿਹਾ ਸੀ, ਸਗੋਂ ਨਵੀਂ ਪੀੜ੍ਹੀ ਨੂੰ ਵੀ ਹਥਿਆਰ ਰੱਖਣ ਅਤੇ ਗਲਤ ਰਸਤਿਆਂ 'ਤੇ ਚੱਲਣ ਲਈ ਉਕਸਾ ਰਿਹਾ ਸੀ।
ਪੁਲਸ ਜਾਂਚ ਦੌਰਾਨ ਮੁਲਜ਼ਮ ਦੀ ਪਛਾਣ ਭਾਨੂ ਪ੍ਰਤਾਪ ਵਜੋਂ ਹੋਈ ਹੈ। ਪੁਲਸ ਮੁਤਾਬਕ, ਮੁਲਜ਼ਮ ਦੀ ਇਹ ਹਰਕਤ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਹੈ, ਸਗੋਂ ਇਸ ਨਾਲ ਆਮ ਜਨਤਾ ਦੀ ਸੁਰੱਖਿਆ ਅਤੇ ਜਾਨ-ਮਾਲ ਨੂੰ ਵੀ ਖ਼ਤਰਾ ਪੈਦਾ ਹੋ ਸਕਦਾ ਹੈ। ਸੂਚਨਾ ਦੇ ਅਧਾਰ 'ਤੇ ਪੁਲਸ ਨੇ ਤਤਪਰਤਾ ਦਿਖਾਉਂਦੇ ਹੋਏ ਮੁਲਜ਼ਮ ਭਾਨੂ ਪ੍ਰਤਾਪ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਨੇ ਦਬਾਅ ਬਣਾਉਣ ਲਈ ਦਰਜ ਕੀਤਾ ਝੂਠਾ ਕੇਸ: ਭਾਨੂ ਪ੍ਰਤਾਪ
ਉੱਧਰ, ਭਾਨੂ ਪ੍ਰਤਾਪ ਦਾ ਕਹਿਣਾ ਹੈ ਕਿ ਉਸ ਨੇ ਕੋਈ ਹਥਿਆਰ ਨਹੀਂ ਲਹਿਰਾਇਆ ਹੈ, ਜਦਕਿ ਉਸ ਨੂੰ ਵਿਦੇਸ਼ੀ ਨੰਬਰ ਤੋਂ ਕਾਲ ਆਈ ਸੀ ਅਤੇ ਉਹ ਉਸ ਨੂੰ ਮਾਰਨ ਦੀ ਧਮਕੀ ਦੇ ਰਿਹਾ ਸੀ, ਉਸ ਨੇ ਵੀਡੀਓ ਕਾਲ ਫੇਸਬੁੱਕ ਪੇਜ 'ਤੇ ਲਾਈਵ ਦਿਖਾਈ ਸੀ ਉਸ ਵਿਚ ਹਥਿਆਰ ਨਜ਼ਰ ਆ ਰਿਹਾ ਸੀ। ਪੁਲਸ ਨੇ ਦਬਾਅ ਬਣਾਉਣ ਲਈ ਝੂਠਾ ਕੇਸ ਦਰਜ ਕੀਤਾ ਹੈ।
