ਘਰ ''ਚ ਵੜ ਕੇ ਕਾਰੋਬਾਰੀ ਨਾਲ ਲੁੱਟ! ਤੇਜ਼ਧਾਰ ਹਥਿਆਰ ਨਾਲ ਪਰਿਵਾਰ ''ਤੇ ਕੀਤਾ ਹਮਲਾ
Wednesday, Jul 15, 2026 - 06:35 PM (IST)
ਖੰਨਾ (ਵਿਪਨ): ਖੰਨਾ ਦੇ ਪਾਸ਼ ਇਲਾਕੇ ਰੂਪਨਗਰ ਇਲਾਕੇ ਵਿਚ ਸੋਮਵਾਰ ਦੇਰ ਰਾਤ ਇਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਰਾਤ ਨੂੰ ਤਕਰੀਬਨ 1.30 ਵਜੇ ਚਾਰ ਹਥਿਆਰਬੰਦ ਬਦਮਾਸ਼ ਇਕ ਕਾਰੋਬਾਰੀ ਦੇ ਘਰ ਵਿਚ ਜਾ ਵੜੇ ਤੇ ਪੂਰੇ ਪਰਿਵਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਲੱਖਾਂ ਰੁਪਏ ਦੀ ਨਕਦੀ ਤੇ ਜ਼ੇਵਰ ਲੁੱਟ ਕੇ ਫ਼ਰਾਰ ਹੋ ਗਏ। ਹਮਲੇ ਵਿਚ ਕਾਰੋਬਾਰੀ ਰਜਨੀਸ਼ ਮੋਦੀ ਉਰਫ਼ ਵਿੱਕੀ ਮੋਦੀ, ਉਨ੍ਹਾਂ ਦੀ ਪਤਨੀ ਸਿਮਰਨ ਮੋਦੀ ਤੇ ਉਨ੍ਹਾਂ ਦਾ ਪੁੱਤਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਪਹਿਲਾਂ ਖੰਨਾ ਦੇ ਸਿਵਲ ਹਸਪਤਾਲ ਲਿਜਾਇਆਗਿਆ, ਜਿੱਥੇ ਮੁੱਢਲੇ ਇਲਾਜ ਮਗਰੋਂ ਰਜਨੀਸ਼ ਮੋਦੀ ਤੇ ਉਨ੍ਹਾਂ ਦੀ ਪਤਨੀ ਨੂੰ ਗੰਭੀਰ ਹਾਲਤ ਵਿਚ ਡੀ. ਐੱਮ. ਸੀ. ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਲਾਜ ਮਗਰੋਂ ਸਿਮਰਨ ਮੋਦੀ ਨੂੰ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਰਜਨੀਸ਼ ਮੋਦੀ ਦਾ ਇਲਾਜ ਅਜੇ ਵੀ ਜਾਰੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਖ਼ਮੀ ਸਿਮਰਨ ਮੋਦੀ ਨੇ ਦੱਸਿਆ ਕਿ ਦੇਰ ਰਾਤ ਚਾਰ ਹਮਲਾਵਰ ਉਨ੍ਹਾਂ ਦੇ ਘਰ ਵਿਚ ਜਾ ਵੜੇ। ਖੜਕਾ ਸੁਣ ਕੇ ਉਨ੍ਹਾਂ ਦੇ ਪੁੱਤਰ ਦੀ ਨੀਂਦ ਖੁੱਲ੍ਹ ਗਈ ਤੇ ਉਹ ਇਕੱਲਾ ਹੀ ਚਾਰੋ ਹਮਲਾਵਰਾਂ ਨਾਲ ਭਿੜ ਗਿਆ। ਪੁੱਤਰ ਦੀ ਆਵਾਜ਼ ਸੁਣ ਰਜਨੀਸ਼ ਤੇ ਸਿਮਰਨ ਵੀ ਉੱਥੇ ਆ ਗਏ ਤੇ ਬਦਮਾਸ਼ਾਂ ਦਾ ਵਿਰੋਧ ਕੀਤਾ, ਪਰ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਤਿੰਨੋ ਜੀਅ ਗੰਭੀਰ ਜ਼ਖ਼ਮੀ ਹੋ ਗਏ। ਬਦਮਾਸ਼ ਘਰ ਵਿਚ ਰੱਖੀ ਲੱਖਾਂ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ।
ਸਿਟੀ ਥਾਣਾ-2 ਦੇ ਐੱਸ. ਐੱਚ. ਓ. ਤਰਵਿੰਦਰ ਬੇਦੀ ਨੇ ਕਿਹਾ ਕਿ ਜ਼ਖ਼ਮੀਆਂ ਦੇ ਬਿਆਨ ਦਰਜ ਕਰ ਲਏ ਗਏ ਹਨ। ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਤੇ ਆਲੇ-ਦੁਆਲੇ ਲੱਗੇ ਸੀ. ਸੀ. ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਪੁਲਸ ਵੱਲੋਂ ਜਾਂਚ ਜਾਰੀ ਹੈ ਤੇ ਛੇਤੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
