ਲੁਧਿਆਣਾ ''ਚ ਚੋਰੀ ਦੇ 4 ਮੋਟਰਸਾਈਕਲ ਤੇ 2 ਐਕਟਿਵਾ ਬਰਾਮਦ, ਤਿੰਨ ਚੋਰਾਂ ਨੂੰ ਕੀਤਾ ਗ੍ਰਿਫ਼ਤਾਰ
Wednesday, Jul 15, 2026 - 02:35 PM (IST)
ਲੁਧਿਆਣਾ (ਅਨਿਲ): ਲੁਧਿਆਣਾ ਪੁਲਸ ਵੱਲੋਂ ਲੁੱਟ-ਖੋਹ ਅਤੇ ਵਾਹਨ ਚੋਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੂੰ ਸਫਲਤਾ ਹਾਸਲ ਹੋਈ ਹੈ। ਸਬ-ਇੰਸਪੈਕਟਰ ਹਮਰਾਜ ਸਿੰਘ ਚੀਮਾ, ਮੁੱਖ ਅਫ਼ਸਰ ਥਾਣਾ ਡਵੀਜ਼ਨ ਨੰਬਰ 5 ਦੀ ਅਗਵਾਈ ਹੇਠ ਪੁਲਸ ਪਾਰਟੀ ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਲੁਜ਼ਮਾਂ ਦੇ ਕਬਜ਼ੇ ਵਿਚੋਂ 6 ਚੋਰੀਸ਼ੁਦਾ ਮੋਟਰਸਾਈਕਲ ਅਤੇ 2 ਐਕਟਿਵਾ ਬਰਾਮਦ ਕੀਤੀਆਂ ਗਈਆਂ ਹਨ।
ਪੁਲਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ, 10 ਜੁਲਾਈ ਨੂੰ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਪਾਰਟੀ ਇਲਾਕੇ ਵਿਚ ਮਾੜੇ ਅਨਸਰਾਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਇਕ ਭਰੋਸੇਯੋਗ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਸੁਨੀਲ ਕੁਮਾਰ ਉਰਫ਼ ਸੋਨੂੰ ਪੁੱਤਰ ਨਸ਼ੱਤਰ ਸਿੰਘ ਵਾਸੀ ਅਬਦੁਲਾਪੁਰ ਬਸਤੀ, ਲੁਧਿਆਣਾ, ਜੋ ਵਾਹਨ ਚੋਰੀ ਕਰਨ ਦਾ ਆਦੀ ਹੈ, ਚੋਰੀਸ਼ੁਦਾ ਮੋਟਰਸਾਈਕਲ ਵੇਚਣ ਲਈ ਆਪਣੇ ਸਾਥੀਆਂ ਰੋਹਿਤ ਪੁੱਤਰ ਕਰਨ ਵਾਸੀ EWS ਕਲੋਨੀ ਜਮਾਲਪੁਰ ਅਤੇ ਅਭਿਸ਼ੇਕ ਪੁੱਤਰ ਪ੍ਰਦੀਪ ਕੁਮਾਰ ਵਾਸੀ EWS ਕਲੋਨੀ ਜਮਾਲਪੁਰ ਨਾਲ ਮਨਜੀਤ ਨਗਰ ਸਾਈਡ ਜਾ ਰਿਹਾ ਹੈ।
ਸੂਚਨਾ ਨੂੰ ਪੱਕਾ ਅਤੇ ਭਰੋਸੇਯੋਗ ਮੰਨਦਿਆਂ ਮੁਕੱਦਮਾ ਨੰਬਰ 184 ਮਿਤੀ 10-07-2026 ਅਧੀਨ ਧਾਰਾ 303(2) ਬੀ.ਐਨ.ਐਸ. 2023 ਤਹਿਤ ਕੇਸ ਦਰਜ ਕਰਕੇ ਤੁਰੰਤ ਕਾਰਵਾਈ ਕੀਤੀ ਗਈ। ਪੁਲਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਪਹਿਲਾਂ 2 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ। ਬਾਅਦ ਵਿਚ ਪੁਲਸ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਦੇ ਆਧਾਰ 'ਤੇ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਤੋਂ ਚੋਰੀ ਕੀਤੇ ਹੋਏ 4 ਹੋਰ ਮੋਟਰਸਾਈਕਲ ਅਤੇ 2 ਐਕਟਿਵਾ ਵੀ ਬਰਾਮਦ ਕੀਤੀਆਂ ਗਈਆਂ।
