ਤਸਕਰਾਂ ਨੇ ਮੁਖਬਰੀ ਦੇ ਸ਼ੱਕ ''ਚ ਬੰਦੇ ਦੇ ਘਰ ''ਤੇ ਕੀਤਾ ਹਮਲਾ! ਸੁਣਵਾਈ ਨਾ ਹੋਣ ''ਤੇ ਨਿਹੰਗ ਸਿੰਘਾਂ ਨੇ ਸਾਂਭਿਆ ਮੋਰਚਾ

Thursday, Jul 09, 2026 - 05:12 PM (IST)

ਤਸਕਰਾਂ ਨੇ ਮੁਖਬਰੀ ਦੇ ਸ਼ੱਕ ''ਚ ਬੰਦੇ ਦੇ ਘਰ ''ਤੇ ਕੀਤਾ ਹਮਲਾ! ਸੁਣਵਾਈ ਨਾ ਹੋਣ ''ਤੇ ਨਿਹੰਗ ਸਿੰਘਾਂ ਨੇ ਸਾਂਭਿਆ ਮੋਰਚਾ

ਸਾਹਨੇਵਾਲ (ਜ. ਬ.)- ਨਸ਼ੇ ਦੇ ਗੜ੍ਹ ਵਜੋਂ ਜਾਣੇ ਜਾਂਦੇ ਪਿੰਡ ਚੌਂਤਾ ਵਿਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦੋਂ ਜ਼ਿਲ੍ਹਾ ਪੁਲਸ ਵੱਲੋਂ ਚਲਾਏ ਗਏ ‘ਆਪਰੇਸ਼ਨ ਪ੍ਰਹਾਰ’ ਤੋਂ ਤੁਰੰਤ ਬਾਅਦ ਕੁਝ ਲੋਕਾਂ ਨੇ ਪਿੰਡ ਦੇ ਹੀ ਇਕ ਵਿਅਕਤੀ ਦੇ ਘਰ ’ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਉਕਤ ਵਿਅਕਤੀ ਵਲੋਂ ਪੁਲਸ ਲਈ ਮੁਖ਼ਬਰੀ ਕਰਨ ਦੇ ਸ਼ੱਕ ਹੇਠ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਪੁਲਸ ਵਲੋਂ ਹਮਲਾਵਰਾਂ ਖਿਲਾਫ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ ਤੋਂ ਦੁਖੀ ਹੋ ਕੇ ਪੀੜਤ ਨੇ ਨਿਹੰਗ ਫ਼ੌਜਾਂ ਕੋਲ ਗੁਹਾਰ ਲਗਾਈ। ਇਸ ਦੇ ਨਤੀਜੇ ਵਜੋਂ ਨਿਹੰਗ ਕੁਲਦੀਪ ਸਿੰਘ ਖ਼ਾਲਸਾ ਆਪਣੇ ਸਾਥੀਆਂ ਸਮੇਤ ਪਿੰਡ ਚੌਂਤਾ ਪਹੁੰਚੇ ਅਤੇ ਨਸ਼ਾ ਸਮੱਗਲਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ।

ਜਾਣਕਾਰੀ ਅਨੁਸਾਰ ਹਮਲੇ ਦਾ ਸ਼ਿਕਾਰ ਹੋਏ ਪੀੜਤ ਪੱਪੂ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪੁਲਸ ਨੇ ਪਿੰਡ ਵਿਚ ਨਸ਼ਾ ਸਮੱਗਲਰਾਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਸੀ। ਇਸ ਤੋਂ ਪਹਿਲਾਂ ਪਿੰਡ ਦੇ ਸਰਪੰਚ ਨੇ ਉਸ ਨੂੰ ਆਪਣੇ ਘਰ ਬੁਲਾਇਆ ਸੀ, ਜਿਥੇ ਪੁਲਸ ਅਧਿਕਾਰੀ ਵੀ ਮੌਜੂਦ ਸਨ। ਸਮੱਗਲਰਾਂ ਨੇ ਉਸ ਉੱਪਰ ਮੁਖ਼ਬਰੀ ਦਾ ਸ਼ੱਕ ਕੀਤਾ ਅਤੇ ਛਾਪੇਮਾਰੀ ਦੇ ਕੁਝ ਦੇਰ ਬਾਅਦ ਹੀ ਉਸ ਦੇ ਘਰ ’ਤੇ ਪੱਥਰਾਅ ਕਰ ਦਿੱਤਾ, ਜਿਸ ਦੀ ਇਕ ਵੀਡੀਓ ਵੀ ਉਸ ਕੋਲ ਮੌਜੂਦ ਹੈ।

ਪੱਪੂ ਸਿੰਘ ਨੇ ਦੋਸ਼ ਲਾਇਆ ਕਿ ਜਦੋਂ ਉਹ ਇਸ ਦੀ ਸ਼ਿਕਾਇਤ ਲੈ ਕੇ ਥਾਣਾ ਕੂੰਮਕਲਾਂ ਗਿਆ ਤਾਂ ਪੁਲਸ ਨੇ ਸੁਣਵਾਈ ਕਰਨ ਦੀ ਬਜਾਏ ਉਲਟਾ ਉਸ ਨੂੰ ਹੀ ਧਮਕਾਉਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਸ ਨੂੰ ਮਜਬੂਰ ਹੋ ਕੇ ਨਿਹੰਗ ਸਿੰਘਾਂ ਦੀ ਸ਼ਰਨ ਲੈਣੀ ਪਈ।

ਨਿਹੰਗ ਕੁਲਦੀਪ ਸਿੰਘ ਖ਼ਾਲਸਾ ਦੀ ਅਗਵਾਈ ਵਿਚ ਪਿੰਡ ਦੇ ਗੁਰਦੁਆਰਾ ਸਾਹਿਬ ਪੁੱਜੇ ਨਿਹੰਗ ਸਿੰਘਾਂ ਨੇ ਜਦੋਂ ਪਿੰਡ ਵਾਸੀਆਂ ਨੂੰ ਇਕੱਠਾ ਕਰ ਕੇ ਗੱਲਬਾਤ ਕੀਤੀ, ਤਾਂ ਲੋਕਾਂ ਨੇ ਕੁਝ ਘਰਾਂ ਉੱਪਰ ਨਸ਼ਾ ਸਮੱਗਲਿੰਗ ਦੇ ਗੰਭੀਰ ਦੋਸ਼ ਦੁਹਰਾਏ, ਜਿਨ੍ਹਾਂ ਵਿਚ ਕੁਝ ਔਰਤਾਂ ਦੇ ਸ਼ਾਮਲ ਹੋਣ ਦੀ ਵੀ ਗੱਲ ਕਹੀ ਗਈ। ਇਸ ’ਤੇ ਨਿਹੰਗ ਸਿੰਘਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਮੱਗਲਰਾਂ ਨੇ ਨਸ਼ਾ ਵੇਚਣਾ ਬੰਦ ਨਾ ਕੀਤਾ ਤਾਂ ਉਹ ਆਪਣੇ ਤਰੀਕੇ ਨਾਲ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਅਗਲੀ ਵਾਰ ਉਹ ਆਪਣੇ ਨਾਲ ਨਿਹੰਗ ਸਿੰਘਣੀਆਂ ਨੂੰ ਵੀ ਲੈ ਕੇ ਆਉਣਗੇ, ਤਾਂ ਜੋ ਨਸ਼ਾ ਵੇਚਣ ਵਾਲੀਆਂ ਔਰਤਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਸਕੇ।

ਕਾਰਵਾਈ ਨਾ ਕੀਤੇ ਜਾਣ ਦੇ ਦੋਸ਼ਾਂ ਸਬੰਧੀ ਥਾਣਾ ਕੂੰਮਕਲਾਂ ਦੀ ਮੁਖੀ ਇੰਸ. ਮਧੂਬਾਲਾ ਨੇ ਕਿਹਾ ਕਿ ਇਹ ਮਾਮਲਾ ਦੋ ਧਿਰਾਂ ਵਿਚਾਲੇ ਆਪਸੀ ਲੜਾਈ-ਝਗੜੇ ਦਾ ਹੈ, ਨਾ ਕਿ ਨਸ਼ਾ ਸਮੱਗਲਰਾਂ ਵਲੋਂ ਹਮਲਾ ਕਰਨ ਦਾ ਕੋਈ ਕੇਸ ਹੈ। ਸ਼ਿਕਾਇਤਕਰਤਾ ਨੂੰ ਧਮਕਾਉਣ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਉਨ੍ਹਾਂ ਕਿਹਾ ਕਿ ਥਾਣਾ ਪੁਲਸ ਨਸ਼ਿਆਂ ਖਿਲਾਫ ਪਹਿਲਾਂ ਹੀ ਸਖ਼ਤੀ ਨਾਲ ਮੁਹਿੰਮ ਚਲਾ ਰਹੀ ਹੈ। ਇਸ ਮਾਮਲੇ ਵਿਚ ਵੀ ਕੋਈ ਢਿੱਲ ਨਹੀਂ ਵਰਤੀ ਜਾਵੇਗੀ ਅਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਤੁਰੰਤ ਅਮਲ ’ਚ ਲਿਆਂਦੀ ਜਾਵੇਗੀ।
 


author

Anmol Tagra

Content Editor

Related News