ਆਪ੍ਰੇਸ਼ਨ ਪ੍ਰਹਾਰ-3: ਨਸ਼ਾ, ਹਥਿਆਰ ਤੇ ਗੈਰ-ਕਾਨੂੰਨੀ ਨਸ਼ਾ ਛੁਡਾਓ ਕੇਂਦਰ ਦਾ ਪਰਦਾਫਾਸ਼, 451 ਤੋਂ ਵੱਧ ਸ਼ੱਕੀ ਕਾਬੂ

Saturday, Jul 11, 2026 - 10:19 PM (IST)

ਆਪ੍ਰੇਸ਼ਨ ਪ੍ਰਹਾਰ-3: ਨਸ਼ਾ, ਹਥਿਆਰ ਤੇ ਗੈਰ-ਕਾਨੂੰਨੀ ਨਸ਼ਾ ਛੁਡਾਓ ਕੇਂਦਰ ਦਾ ਪਰਦਾਫਾਸ਼, 451 ਤੋਂ ਵੱਧ ਸ਼ੱਕੀ ਕਾਬੂ

ਪਾਇਲ/ਦੋਰਾਹਾ (ਵਿਨਾਇਕ) : ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਵੱਲੋਂ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਹੋਰ ਅਪਰਾਧਿਕ ਅਨਸਰਾਂ ਖ਼ਿਲਾਫ਼ ਚਲਾਏ ਜਾ ਰਹੇ 'ਆਪ੍ਰੇਸ਼ਨ ਪ੍ਰਹਾਰ-3' ਤਹਿਤ ਜ਼ਿਲਾ ਪੁਲਸ ਵੱਲੋਂ ਵੱਡੇ ਪੱਧਰ 'ਤੇ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲੇ ਦੇ ਵੱਖ-ਵੱਖ ਇਲਾਕਿਆਂ ਵਿੱਚ ਇਕੱਠੇ ਛਾਪੇਮਾਰੀ ਕਰਦਿਆਂ ਪੁਲਸ ਨੇ 451 ਤੋਂ ਵੱਧ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ। ਇਸ ਕਾਰਵਾਈ ਦੌਰਾਨ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ, ਨਸ਼ੀਲੀਆਂ ਗੋਲੀਆਂ, ਨਾਜਾਇਜ਼ ਹਥਿਆਰ, ਚੋਰੀਸ਼ੁਦਾ ਵਾਹਨ, ਸ਼ਰਾਬ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਕਰਕੇ ਕਈ ਅਹਿਮ ਖੁਲਾਸੇ ਕੀਤੇ ਗਏ ਹਨ।

ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਜ਼ਿਲੇ ਵਿੱਚ ਅਮਨ-ਕਾਨੂੰਨ ਨੂੰ ਹੋਰ ਮਜ਼ਬੂਤ ਕਰਨਾ, ਗੈਂਗਸਟਰ ਐਸੋਸੀਏਟਾਂ, ਨਸ਼ਾ ਤਸਕਰਾਂ ਅਤੇ ਹੋਰ ਮਾੜੇ ਅਨਸਰਾਂ 'ਤੇ ਸ਼ਿਕੰਜਾ ਕੱਸਣਾ ਸੀ। ਉਨ੍ਹਾਂ ਦੱਸਿਆ ਕਿ ਸ਼ਾਮ 4 ਵਜੇ ਤੱਕ 451 ਤੋਂ ਵੱਧ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਜਾ ਚੁੱਕਾ ਸੀ।

ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਵਿੱਚ ਚਾਰ ਗੈਂਗਸਟਰ ਐਸੋਸੀਏਟ, 10 ਭਗੌੜੇ, 111 ਵਿਅਕਤੀਆਂ ਖ਼ਿਲਾਫ਼ ਅਪਰਾਧ ਰੋਕੂ ਕਾਰਵਾਈ ਅਤੇ 326 ਵਿਅਕਤੀਆਂ ਦੀਆਂ ਪੁਰਾਣੇ ਅਤੇ ਨਵੇਂ ਮਾਮਲਿਆਂ ਵਿੱਚ ਸੰਵੇਦਨਸ਼ੀਲ ਗ੍ਰਿਫ਼ਤਾਰੀਆਂ ਸ਼ਾਮਲ ਹਨ। ਚਾਰ ਗੈਂਗਸਟਰ ਐਸੋਸੀਏਟਾਂ ਸਬੰਧੀ ਵਿਸਥਾਰਤ ਜਾਣਕਾਰੀ ਜਲਦ ਸਾਂਝੀ ਕੀਤੀ ਜਾਵੇਗੀ।

PunjabKesari

ਨਸ਼ਾ ਅਤੇ ਨਾਜਾਇਜ਼ ਹਥਿਆਰਾਂ ਦੀ ਵੱਡੀ ਬਰਾਮਦਗੀ
ਐੱਸ.ਐੱਸ.ਪੀ. ਨੇ ਦੱਸਿਆ ਕਿ ਕਾਰਵਾਈ ਦੌਰਾਨ ਦੋ .32 ਬੋਰ ਪਿਸਤੌਲ, ਚਾਰ ਜ਼ਿੰਦਾ ਕਾਰਤੂਸ ਅਤੇ ਤਿੰਨ ਦਾਤਰ/ਕਾਪੇ ਬਰਾਮਦ ਕੀਤੇ ਗਏ ਹਨ।

ਐੱਨ.ਡੀ.ਪੀ.ਐੱਸ. ਐਕਟ ਤਹਿਤ ਕੀਤੀਆਂ ਕਾਰਵਾਈਆਂ ਦੌਰਾਨ 250 ਗ੍ਰਾਮ ਹੈਰੋਇਨ, ਇੱਕ ਕੁਇੰਟਲ ਭੁੱਕੀ, ਡੇਢ ਕਿਲੋਗ੍ਰਾਮ ਅਫੀਮ, ਵੱਡੀ ਮਾਤਰਾ ਵਿੱਚ ਐੱਨ.ਡੀ.ਪੀ.ਐੱਸ. ਕੈਪਸੂਲ ਅਤੇ ਟੈਬਲੇਟਾਂ ਅਤੇ 13 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।

ਪਾਇਲ ਵਿੱਚ ਗੈਰ-ਕਾਨੂੰਨੀ ਨਸ਼ਾ ਛੁਡਾਓ ਕੇਂਦਰ ਦਾ ਪਰਦਾਫਾਸ਼
ਉਨ੍ਹਾਂ ਦੱਸਿਆ ਕਿ ਮੁਹਿੰਮ ਦੌਰਾਨ ਪਾਇਲ ਸਬ-ਡਿਵੀਜ਼ਨ ਵਿੱਚ ਇੱਕ ਗੈਰ-ਕਾਨੂੰਨੀ ਨਸ਼ਾ ਛੁਡਾਓ ਕੇਂਦਰ ਦਾ ਵੀ ਪਰਦਾਫਾਸ਼ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਕੈਮਿਸਟ ਦੀ ਦੁਕਾਨ 'ਤੇ ਰੇਡ, ਗੈਰ-ਕਾਨੂੰਨੀ ਕਲੀਨਿਕ ਵੀ ਮਿਲਿਆ
ਐੱਸ.ਐੱਸ.ਪੀ. ਨੇ ਦੱਸਿਆ ਕਿ ਇੱਕ ਬੈਕਵਰਡ ਲਿੰਕੇਜ ਦੀ ਜਾਂਚ ਕਰਦੇ ਹੋਏ ਪੁਲਸ ਨੇ ਇੱਕ ਕੈਮਿਸਟ ਦੀ ਦੁਕਾਨ 'ਤੇ ਛਾਪਾ ਮਾਰਿਆ, ਜਿੱਥੋਂ ਭਾਰੀ ਮਾਤਰਾ ਵਿੱਚ ਪ੍ਰੈਗਾਬੈਲਿਨ ਕੈਪਸੂਲ ਬਰਾਮਦ ਹੋਏ। ਡਰੱਗ ਇੰਸਪੈਕਟਰ ਨਾਲ ਤਾਲਮੇਲ ਕਰਕੇ ਸੰਬੰਧਤ ਕੈਮਿਸਟ ਦੀ ਦੁਕਾਨ ਨੂੰ ਬੰਦ ਕਰਵਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਕਤ ਵਿਅਕਤੀ ਗੈਰ-ਕਾਨੂੰਨੀ ਤੌਰ 'ਤੇ ਇੱਕ ਕਲੀਨਿਕ ਵੀ ਚਲਾ ਰਿਹਾ ਸੀ, ਜਿਸ ਸਬੰਧੀ ਵੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਨਕਲੀ ਸ਼ਰਾਬ ਦੇ ਗੋਰਖਧੰਦੇ ਦਾ ਪਰਦਾਫਾਸ਼
ਐਕਸਾਈਜ਼ ਵਿਭਾਗ ਨਾਲ ਸਾਂਝੀ ਕਾਰਵਾਈ ਦੌਰਾਨ ਪੁਲਸ ਨੇ ਇੱਕ ਅਜਿਹੇ ਗੋਰਖਧੰਦੇ ਦਾ ਵੀ ਪਰਦਾਫਾਸ਼ ਕੀਤਾ, ਜਿਸ ਵਿੱਚ ਮਹਿੰਗੇ ਬ੍ਰਾਂਡਾਂ ਦੀਆਂ ਖਾਲੀ ਬੋਤਲਾਂ ਨੂੰ ਸਾਫ਼ ਕਰਕੇ ਉਨ੍ਹਾਂ ਵਿੱਚ ਦੇਸੀ ਸ਼ਰਾਬ ਭਰ ਕੇ ਅਸਲੀ ਬ੍ਰਾਂਡ ਦੇ ਨਾਮ 'ਤੇ ਵੇਚਿਆ ਜਾਂਦਾ ਸੀ। ਇਸ ਮਾਮਲੇ ਵਿੱਚ ਇੱਕ ਗੋਦਾਮ ਦਾ ਪਰਦਾਫਾਸ਼ ਕਰਦਿਆਂ ਕਰੀਬ 120 ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 153 ਲੀਟਰ ਨਾਜਾਇਜ਼ ਸ਼ਰਾਬ ਵੀ ਕਬਜ਼ੇ ਵਿੱਚ ਲਈ ਗਈ ਹੈ। ਮਾਮਲੇ ਦੀ ਜਾਂਚ ਅਜੇ ਜਾਰੀ ਹੈ।

ਚੋਰੀਸ਼ੁਦਾ ਵਾਹਨਾਂ ਦਾ ਵੱਡਾ ਰੈਕਟ ਬੇਨਕਾਬ
ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਚੋਰੀਸ਼ੁਦਾ ਵਾਹਨਾਂ ਨਾਲ ਜੁੜੇ ਕਈ ਗਿਰੋਹਾਂ ਦਾ ਵੀ ਪਰਦਾਫਾਸ਼ ਕੀਤਾ ਗਿਆ ਹੈ। ਇੱਕ ਗਿਰੋਹ ਅਜਿਹਾ ਵੀ ਸਾਹਮਣੇ ਆਇਆ, ਜੋ ਚੋਰੀਸ਼ੁਦਾ ਵਾਹਨਾਂ ਦੇ ਇੰਜਨ ਨੰਬਰ ਅਤੇ ਚੈਸੀ ਨੰਬਰ ਨਾਲ ਛੇੜਛਾੜ ਕਰਕੇ ਉਨ੍ਹਾਂ ਨੂੰ ਜਾਅਲੀ ਦਸਤਾਵੇਜ਼ਾਂ ਰਾਹੀਂ ਮੁੜ ਕਾਨੂੰਨੀ ਦਿਖਾ ਕੇ ਵੇਚ ਦਿੰਦਾ ਸੀ।

ਇਸ ਰੈਕਟ ਦਾ ਪਰਦਾਫਾਸ਼ ਕਰਦਿਆਂ ਪੁਲਸ ਨੇ ਹੁਣ ਤੱਕ ਅੱਠ ਚੋਰੀਸ਼ੁਦਾ ਟਰੱਕ, ਪੰਜ ਤੋਂ ਸੱਤ ਦੋਪਹੀਆ ਵਾਹਨ, ਦੋ ਚਾਰਪਹੀਆ ਵਾਹਨ, ਵੱਡੀ ਗਿਣਤੀ ਵਿੱਚ ਮੋਬਾਈਲ ਫੋਨ ਅਤੇ ਸੋਨੇ ਦੀਆਂ ਚੇਨਾਂ ਵੀ ਬਰਾਮਦ ਕੀਤੀਆਂ ਹਨ।

ਲੋਕਾਂ ਨੂੰ ਪੁਲਸ ਦਾ ਸਾਥ ਦੇਣ ਦੀ ਅਪੀਲ
ਐੱਸ.ਐੱਸ.ਪੀ. ਡਾ. ਦਰਪਣ ਆਹਲੂਵਾਲੀਆ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 'ਯੁੱਧ ਨਸ਼ਿਆਂ ਵਿਰੁੱਧ' ਅਤੇ 'ਗੈਂਗਸਟਰਾਂ 'ਤੇ ਵਾਰ' ਵਰਗੀਆਂ ਮੁਹਿੰਮਾਂ ਨੂੰ ਸਫ਼ਲ ਬਣਾਉਣ ਲਈ ਪੁਲਸ, ਲੋਕਾਂ ਅਤੇ ਮੀਡੀਆ ਦਾ ਸਾਂਝਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੋਕ ਨਿਡਰ ਹੋ ਕੇ ਆਪਣੀ ਜਾਣਕਾਰੀ ਸੇਫ ਪੰਜਾਬ ਹੈਲਪਲਾਈਨ ਅਤੇ ਐਂਟੀ ਗੈਂਗਸਟਰ ਹੈਲਪਲਾਈਨ ਰਾਹੀਂ ਸਾਂਝੀ ਕਰਨ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਹੋਰ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾ ਸਕੇ।
 


author

Inder Prajapati

Content Editor

Related News