ਖੰਨਾ ''ਚ ਹਾਈਵੋਲਟੇਜ ਡਰਾਮਾ: ਪੁਲਸ ਨੂੰ ਦੇਖ ਛੱਤ ''ਤੇ ਚੜ੍ਹਿਆ ਵਿਅਕਤੀ, ਵੀਡੀਓ ਬਣਾ ਲਾਏ ਗੰਭੀਰ ਦੋਸ਼

Tuesday, Jul 07, 2026 - 07:07 PM (IST)

ਖੰਨਾ ''ਚ ਹਾਈਵੋਲਟੇਜ ਡਰਾਮਾ: ਪੁਲਸ ਨੂੰ ਦੇਖ ਛੱਤ ''ਤੇ ਚੜ੍ਹਿਆ ਵਿਅਕਤੀ, ਵੀਡੀਓ ਬਣਾ ਲਾਏ ਗੰਭੀਰ ਦੋਸ਼

ਖੰਨਾ (ਬਿਪਨ): ਖੰਨਾ ਦੇ ਬੁੱਲੇਪੁਰ ਇਲਾਕੇ ਚ ਮੰਗਲਵਾਰ ਨੂੰ ਉਸ ਵੇਲੇ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ, ਜਦੋਂ ਕਾਊਂਟਰ ਇੰਟੈਲੀਜੈਂਸ ਦੀ ਟੀਮ ਦੀ ਆਮਦ ਤੋਂ ਬਾਅਦ ਇਕ ਵਿਅਕਤੀ ਆਪਣੇ ਕਿਰਾਏ ਦੇ ਮਕਾਨ ਦੀ ਛੱਤ 'ਤੇ ਚੜ੍ਹ ਗਿਆ ਅਤੇ ਕਰੀਬ ਦੋ ਘੰਟੇ ਤੱਕ ਹੇਠਾਂ ਉਤਰਣ ਤੋਂ ਇਨਕਾਰ ਕਰਦਾ ਰਿਹਾ।

ਜਾਣਕਾਰੀ ਅਨੁਸਾਰ ਕਾਊਂਟਰ ਇੰਟੈਲੀਜੈਂਸ ਦੀ ਟੀਮ ਕਿਸੇ ਇਨਪੁੱਟ ਦੇ ਆਧਾਰ 'ਤੇ ਉਕਤ ਵਿਅਕਤੀ ਦੀ ਵੈਰੀਫਿਕੇਸ਼ਨ ਲਈ ਪਿੰਡ ਬੁੱਲੇਪੁਰ ਪਹੁੰਚੀ ਸੀ। ਜਿਵੇਂ ਹੀ ਟੀਮ ਉਸ ਦੇ ਘਰ ਪਹੁੰਚੀ ਤਾਂ ਉਹ ਘਰ ਦੀ ਛੱਤ 'ਤੇ ਚੜ੍ਹ ਗਿਆ ਅਤੇ ਪੁਲਸ ਦੇ ਹੱਥ ਨਹੀਂ ਆਇਆ। ਸਥਿਤੀ ਨੂੰ ਦੇਖਦੇ ਹੋਏ ਕਾਊਂਟਰ ਇੰਟੈਲੀਜੈਂਸ ਨੇ ਮਕਾਨ ਦੇ ਆਲੇ-ਦੁਆਲੇ ਘੇਰਾਬੰਦੀ ਕਰ ਦਿੱਤੀ।

ਇਸ ਦੌਰਾਨ ਛੱਤ 'ਤੇ ਖੜ੍ਹੇ ਵਿਅਕਤੀ ਨੇ ਇਕ ਵੀਡੀਓ ਵੀ ਵਾਇਰਲ ਕਰ ਦਿੱਤੀ, ਜਿਸ ਵਿਚ ਉਸ ਨੇ ਦਾਅਵਾ ਕੀਤਾ ਕਿ ਉਸ ਦਾ ਐਨਕਾਊਂਟਰ ਕੀਤਾ ਜਾ ਸਕਦਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਹੋਰ ਸੰਵੇਦਨਸ਼ੀਲ ਹੋ ਗਿਆ ਅਤੇ ਸਥਾਨਕ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਖੰਨਾ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਕਰੀਬ ਦੋ ਘੰਟਿਆਂ ਤੱਕ ਪੁਲਸ ਅਤੇ ਅਧਿਕਾਰੀਆਂ ਵੱਲੋਂ ਲਗਾਤਾਰ ਵਿਅਕਤੀ ਨੂੰ ਸਮਝਾਇਆ ਜਾਂਦਾ ਰਿਹਾ। ਕਾਫੀ ਮੁਸ਼ੱਕਤ ਤੋਂ ਬਾਅਦ ਉਹ ਹੇਠਾਂ ਉਤਰਿਆ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਸੁਰੱਖਿਅਤ ਹਿਰਾਸਤ ਵਿਚ ਲੈ ਲਿਆ।

ਡੀ.ਐੱਸ.ਪੀ. ਮੋਹਿਤ ਸਿੰਗਲਾ ਨੇ ਦੱਸਿਆ ਕਿ ਛੱਤ 'ਤੇ ਚੜ੍ਹੇ ਵਿਅਕਤੀ ਸਬੰਧੀ ਸੂਚਨਾ ਮਿਲਣ 'ਤੇ ਪੁਲਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਸੀ। ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਉਸ ਨੂੰ ਸਮਝਾ ਕੇ ਹੇਠਾਂ ਉਤਾਰਿਆ ਗਿਆ ਅਤੇ ਹੁਣ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਗਲੀ ਕਾਰਵਾਈ ਪੁੱਛਗਿੱਛ ਦੇ ਆਧਾਰ 'ਤੇ ਕੀਤੀ ਜਾਵੇਗੀ।


author

Anmol Tagra

Content Editor

Related News