ਵਿਦੇਸ਼ ਤੋਂ ਪਰਤੇ ਨੌਜਵਾਨ ਨੇ ਫੇਸਬੁੱਕ ''ਤੇ LIVE ਹੋ ਚੁੱਕ ਲਿਆ ਖ਼ੌਫ਼ਨਾਕ ਕਦਮ
Tuesday, Jul 07, 2026 - 06:45 PM (IST)
ਲੁਧਿਆਣਾ (ਅਨਿਲ): ਥਾਣਾ ਮਿਹਰਬਾਨ ਦੇ ਅਧੀਨ ਆਉਂਦੇ ਪਿੰਡ ਹਵਾਸ ਦੇ ਰਹਿਣ ਵਾਲੇ ਇਕ ਵਿਅਕਤੀ ਵੱਲੋਂ 18 ਲੱਖ ਰੁਪਏ ਦੀ ਠੱਗੀ ਹੋਣ ਕਾਰਨ ਫੇਸਬੁੱਕ 'ਤੇ ਲਾਈਵ ਹੋ ਕੇ ਜ਼ਹਿਰੀਲੀ ਦਵਾਈ ਪੀ ਲਈ। ਫੇਸਬੁੱਕ ਲਾਈਵ 'ਤੇ ਪਿੰਡ ਹਵਾਸ ਦੇ ਰਹਿਣ ਵਾਲੇ ਰਵੀ ਸਿੰਘ ਪੁੱਤਰ ਭਜਨ ਸਿੰਘ ਨੇ ਪਿੰਡ ਦੇ ਤਿੰਨ ਲੋਕਾਂ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਕਤ ਲੋਕਾਂ ਵੱਲੋਂ ਉਸ ਨੂੰ ਵਿਦੇਸ਼ ਭੇਜਣ ਲਈ 18 ਲੱਖ ਰੁਪਏ ਲਏ ਸਨ, ਪਰ ਜਦੋਂ ਵਿਦੇਸ਼ ਗਿਆ ਤਾਂ ਉਸ ਨੂੰ ਕਿਸੇ ਨੇ ਨਹੀਂ ਸਾਂਭਿਆ। ਇਸ ਮਗਰੋਂ ਉਹ ਵਾਪਸ ਪਰਤ ਆਇਆ ਤੇ ਆਪਣੇ ਪੈਸੇ ਵਾਪਸ ਮੰਗੇ। ਉਨ੍ਹਾਂ ਲੋਕਾਂ ਨੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਉਲਟਾ ਉਸ ਦੇ ਖ਼ਿਲਾਫ਼ ਹੀ 10-10 ਲੱਖ ਦੇ ਚੈੱਕ ਬਾਊਂਸ ਹੋਣ ਦੀ ਸ਼ਿਕਾਇਤ ਪੁਲਸ ਨੂੰ ਦੇ ਦਿੱਤੀ।
ਪੀੜਤ ਰਵੀ ਸਿੰਘ ਨੇ ਦੋਸ਼ ਲਗਾਇਆ ਕਿ ਪੁਲਸ ਨੇ ਵੀ ਉਸ ਦੀ ਸੁਣਵਾਈ ਨਹੀਂ ਕੀਤੀ। ਇਸ ਕਾਰਨ ਉਹ ਤਿੰਨ ਲੋਕਾਂ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਹਮੇਸ਼ਾ ਲਈ ਖ਼ਤਮ ਕਰ ਰਿਹਾ ਹੈ। ਇਸ ਮਗਰੋਂ ਉਸ ਨੇ ਜ਼ਹਿਰੀਲੀ ਦਵਾਈ ਪੀ ਲਈ।
ਜਦੋਂ ਇਸ ਬਾਰੇ ਥਾਣਾ ਮੁਖੀ ਇੰਸਪੈਕਟਰ ਜਗਦੀਪ ਸਿੰਘ ਗਿੱਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਹਵਾਸ ਦੇ ਰਹਿਣ ਵਾਲੇ ਰਵੀ ਸਿੰਘ ਵੱਲੋਂ ਕੋਈ ਜ਼ਹਿਰੀਲੀ ਦਵਾਈ ਪੀਤੀ ਗਈ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਪੁਲਸ ਵੱਲੋਂ ਉਕਤ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
