ਗਾਲੀ-ਗਲੋਚ ਕਰਨ ਅਤੇ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰ ਕਰਨ ਦੇ ਦੋਸ਼ ’ਚ 13 ਨਾਮਜ਼ਦ
Sunday, Jul 26, 2026 - 03:21 PM (IST)
ਜਲਾਲਾਬਾਦ (ਬਜਾਜ) : ਥਾਣਾ ਸਦਰ ਜਲਾਲਾਬਾਦ ਦੀ ਪੁਲਸ ਵੱਲੋਂ ਪਿੰਡ ਲਮੋਚੜ ਖੂਰਦ ਵਿਖੇ ਹੋਏ ਝਗੜੇ ਦੇ ਸਬੰਧੀ 13 ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਜਗਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਗਗਨਦੀਪ ਸਿੰਘ ਉਰਫ਼ ਟਰਿਆ ਵੱਲੋਂ ਪੁਲਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ 9 ਜੁਲਾਈ ਨੂੰ ਦੁਪਹਿਰ 11 ਤੋਂ 12 ਵਜੇ ਰਾਤ ਨੂੰ ਉਹ ਰੋਟੀ-ਪਾਣੀ ਖਾ ਕੇ ਘਰ ਦੀ ਛੱਤ ’ਤੇ ਸੌਂ ਰਹੇ ਸੀ।
ਇਸ ਦੌਰਾਨ ਗਗਨਦੀਪ ਸਿੰਘ ਵਗੈਰਾ ਵੱਲੋਂ ਉਸ ਦੇ ਘਰ ਦੇ ਗੇਟ ਕੋਲ ਆ ਕੇ ਗਾਲੀ-ਗਲੋਚ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰ ਵੀ ਕੀਤੇ ਗਏ ਹਨ। ਜਿਸ ’ਤੇ ਪੁਲਸ ਨੇ ਮੁਦੱਈ ਗਗਨਦੀਪ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਗਗਨਦੀਪ ਸਿੰਘ, ਪ੍ਰਿੰਸ ਸਿੰਘ, ਕਾਲੀ, ਅਕਾਸ਼ਦੀਪ ਸਿੰਘ ਵਾਸੀ ਫੱਤੂਵਾਲਾ, ਜਸਪਾਲ ਸਿੰਘ ਵਾਸੀ ਢਾਣੀ ਮਾਂਘ ਸਿੰਘ, ਕ੍ਰਾਂਤੀ ਵਾਸੀ ਚੱਕ ਟਾਹਲੀਵਾਲਾ ਅਤੇ 6-7 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ 25 ਜੁਲਾਈ ਨੂੰ ਥਾਣਾ ਸਦਰ ਜਲਾਲਾਬਾਦ ਵਿਖੇ ਦਰਜ ਕੀਤਾ ਗਿਆ ਹੈ।
