ਝੋਨੇ ''ਚ ਮਧਰੇਪਣ ਦੇ ਰੋਗ ਪ੍ਰਤੀ ਸੁਚੇਤ ਰਹਿਣ ਕਿਸਾਨ, ਮਾਹਿਰਾਂ ਦੀ ਸਲਾਹ ਬਿਨਾਂ ਨਾ ਕਰਨ...

Thursday, Jul 23, 2026 - 06:52 PM (IST)

ਝੋਨੇ ''ਚ ਮਧਰੇਪਣ ਦੇ ਰੋਗ ਪ੍ਰਤੀ ਸੁਚੇਤ ਰਹਿਣ ਕਿਸਾਨ, ਮਾਹਿਰਾਂ ਦੀ ਸਲਾਹ ਬਿਨਾਂ ਨਾ ਕਰਨ...

ਫ਼ਿਰੋਜ਼ਪੁਰ (ਸੋਨੂ ਚੋਪੜਾ) : ਪੀ. ਏ. ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਿਰੋਜ਼ਪੁਰ ਦੀ ਟੀਮ ਵੱਲੋਂ ਡਿਪਟੀ ਡਾਇਰੈਕਟਰ ਡਾ. ਗੁਰਮੇਲ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ-ਵੱਖ ਪਿੰਡ ਰੁਕਨੇ ਵਾਲਾ, ਹਾਮਦ ਵਾਲਾ, ਆਰਿਫ਼ ਕੇ, ਵਾਕਾ ਮੌੜ, ਕਰੀ ਕਲਾਂ, ਅਲਫੂ ਕੇ, ਲੱਖੋ ਕੇ ਬਹਿਰਾਮ ਅਤੇ ਚੱਕ ਹਾਰਾਜ਼ ਬੈਰਕਾਂ 'ਚ ਝੋਨੇ ਦੀ ਫ਼ਸਲ ਦਾ ਸਰਵੇਖਣ ਕਰਕੇ ਮਧਰੇਪਣ ਰੋਗ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਡਾ. ਗੁਰਮੇਲ ਸਿੰਘ ਸੰਧੂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤਾਂ ਦਾ ਲਗਾਤਾਰ ਦੌਰਾ ਕਰਨ ਅਤੇ ਕਿਸੇ ਵੀ ਕੀੜੇ ਜਾਂ ਬੀਮਾਰੀ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰ-ਅੰਦਾਜ਼ ਨਾ ਕਰਨ। ਉਨ੍ਹਾਂ ਕਿਹਾ ਕਿ ਬਿਨਾਂ ਮਾਹਿਰਾਂ ਦੀ ਸਲਾਹ ਦੇ ਕੀਟਨਾਸ਼ਕਾਂ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਕਿਸੇ ਵੀ ਸ਼ੱਕੀ ਸਥਿਤੀ 'ਚ ਤੁਰੰਤ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਖੇਤੀਬਾੜੀ ਮਾਹਿਰਾਂ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਮੇਂ ਸਿਰ ਕੀਤੀ ਗਈ ਨਿਗਰਾਨੀ ਅਤੇ ਵਿਗਿਆਨਕ ਪ੍ਰਬੰਧ ਨਾਲ ਫ਼ਸਲ ਨੂੰ ਸੰਭਾਵੀ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ।

 ਡਾ. ਹਰਵਿੰਦਰ ਸਿੰਘ ਬੁੱਟਰ, ਸਹਾਇਕ ਪ੍ਰੋਫ਼ੇਸਰ (ਪੌਦ ਸੁਰੱਖਿਆ) ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਝੋਨੇ ਦੇ ਬੂਟਿਆਂ ਦਾ ਮੱਧਰੇ ਰਹਿ ਜਾਣਾ ਇੱਕ ਵਿਸ਼ਾਣੂ ਰੋਗ ਹੈ ਅਤੇ ਇਸ ਰੋਗ ਨਾਲ ਪ੍ਰਭਾਵਿਤ ਬੂਟੇ ਮਧਰੇ, ਪੱਤੇ ਨੌਕਦਾਰ ਅਤੇ ਬੂਟਿਆਂ ਦੀਆਂ ਜੜ੍ਹਾਂ ਘੱਟ ਡੂੰਘੀਆਂ ਰਹਿ ਜਾਂਦੀਆਂ ਹਨ। ਪ੍ਰਭਾਵਿਤ ਬੂਟਿਆਂ ਦੀ ਉਚਾਈ ਆਮ ਬੂਟਿਆਂ ਨਾਲੋਂ ਅੱਧੀ ਜਾਂ ਇੱਕ ਤਿਹਾਈ ਰਹਿ ਜਾਂਦੀ ਹੈ। ਰੋਗ ਦੇ ਜ਼ਿਆਦਾ ਹਮਲੇ ਕਾਰਨ ਕਈ ਵਾਰ ਮੁੰਜਰਾਂ 'ਚ ਦਾਣੇ ਨਹੀਂ ਬਣਦੇ ਅਤੇ ਬੂਟੇ ਮੁਰਝਾ ਕੇ ਸੁੱਕ ਵੀ ਜਾਂਦੇ ਹਨ। ਇਸ ਨਾਲ ਝਾੜ 'ਚ ਕਾਫ਼ੀ ਨੁਕਸਾਨ ਹੋ ਸਕਦਾ ਹੈ। ਇਹ ਵਿਸ਼ਾਣੂ ਰੋਗ ਝੋਨੇ ਦੀਆਂ ਸਾਰੀਆਂ ਕਿਸਮਾਂ 'ਤੇ ਹਮਲਾ ਕਰ ਸਕਦਾ ਹੈ। ਝੋਨੇ ਉੱਪਰ ਇਸ ਵਿਸ਼ਾਣੂ ਰੋਗ ਨੂੰ ਚਿੱਟੀ ਪਿੱਠ ਵਾਲਾ ਟਿੱਡਾ ਫੈਲਾਉਂਦਾ ਹੈ। ਇਸ ਲਈ ਰੋਗ ਦੀ ਸ਼ੁਰੂਆਤੀ ਲਾਗ ਨੂੰ ਅਤੇ ਬਾਅਦ 'ਚ ਫੈਲਾਅ ਨੂੰ ਰੋਕਣ ਲਈ ਚਿੱਟੀ ਪਿੱਠ ਵਾਲੇ ਟਿੱਡੇ ਦੀ ਪਛਾਣ ਜ਼ਰੂਰੀ ਹੈ। ਇਸ ਕੀੜੇ ਦੇ ਨਵੇਂ ਨਿਕਲੇ ਬੱਚੇ ਸਲੇਟੀ ਚਿੱਟੇ ਰੰਗ ਦੇ ਹੁੰਦੇ ਹਨ, ਜਿਹੜੇ ਬਾਅਦ ਵਿੱਚ ਗੂੜੇ ਸਲੇਟੀ ਰੰਗ ਦੇ ਹੋ ਜਾਂਦੇ ਹਨ। ਇਸ ਦੇ ਬਾਲਗ ਦੀ ਪਿੱਠ ਤੇ ਬਰੀਕ ਚਿੱਟੀ ਪੱਟੀ ਹੁੰਦੀ ਹੈ, ਜੋ ਕਿ ਇਨ੍ਹਾਂ ਦੇ ਉੱਪਰਲੇ ਪਾਸੇ ਦਿਖਾਈ ਦਿੰਦੀ ਹੈ ਅਤੇ ਇੱਕ ਕਾਲਾ ਧੱਬਾ ਅਗਲੇ ਖੰਭਾਂ ਦੇ ਪਿਛਲੇ ਪਾਸੇ ਦੇ ਵਿੱਚਕਾਰ ਦਿਖਾਈ ਦਿੰਦਾ ਹੈ। 

ਡਾ. ਗੁਰਮੇਲ ਸਿੰਘ ਸੰਧੂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਹਫ਼ਤੇ 'ਚ ਘੱਟੋ-ਘੱਟ ਇੱਕ ਵਾਰ ਖੇਤ ਦਾ ਸਰਵੇਖਣ ਜ਼ਰੂਰ ਕੀਤਾ ਜਾਵੇ। ਖੇਤ 'ਚ ਇਸ ਟਿੱਡੇ ਦੀ ਮੌਜੂਦਗੀ ਦੀ ਜਾਂਚ ਲਈ ਕੁੱਝ ਕੁ ਬੂਟਿਆਂ ਨੂੰ ਟੇਢੇ ਕਰਕੇ ਹੇਠਾਂ ਤੋਂ 2-3 ਵਾਰੀ ਝਾੜੋ। ਜੇਕਰ ਇਸ ਦੇ ਨਿੰਫ ਜਾਂ ਬਾਲਗ ਟਿੱਡੇ ਪਾਣੀ 'ਤੇ ਤਰਦੇ ਨਜ਼ਰ ਆਉਣ ਤਾਂ ਫ਼ਸਲ ਉੱਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਕੀਟਨਾਸ਼ਕ ਦੀ ਵਰਤੋਂ ਕਰੋ। ਟਿੱਡੇ ਦੀ ਆਮਦ ਦੇਖਣ ਲਈ ਰਾਤ ਨੂੰ ਖੇਤ ਨੇੜੇ ਬੱਲਬ ਜਗਾ ਕੇ ਰੱਖੋ ਕਿਉਂਕਿ ਇਹ ਕੀੜਾ ਰੌਸ਼ਨੀ ਵੱਲ ਆਕਰਸ਼ਿਤ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਖੇਤ 'ਚ ਮਧਰੇਪਣ ਰੋਗ ਨਾਲ ਪ੍ਰਭਾਵਿਤ ਬੂਟੇ ਨਜ਼ਰ ਆਉਣ ਤਾਂ ਉਨ੍ਹਾਂ ਨੂੰ ਸ਼ੁਰੂਆਤੀ ਪੜਾਅ 'ਚ ਹੀ ਪੁੱਟ ਕੇ ਡੂੰਘਾ ਦੱਬ ਦਿੱਤਾ ਜਾਵੇ ਤਾਂ ਜੋ ਰੋਗ ਦਾ ਫੈਲਾਅ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਖੇਤ ਦੀਆਂ ਵੱਟਾਂ, ਬੰਨ੍ਹਾਂ ਅਤੇ ਖਾਲਾਂ ਨੂੰ ਨਦੀਨਾਂ ਤੋਂ ਸਾਫ਼ ਰੱਖਿਆ ਜਾਵੇ, ਪਿਛਲੇ ਸਾਲ ਪ੍ਰਭਾਵਿਤ ਰਹੇ ਖੇਤਾਂ 'ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇ ਅਤੇ ਨਾਈਟ੍ਰੋਜਨ ਵਾਲੀਆਂ ਖਾਦਾਂ ਦੀ ਵਰਤੋਂ ਸਿਫ਼ਾਰਸ਼ ਕੀਤੀ ਮਾਤਰਾ ਅਨੁਸਾਰ ਹੀ ਕੀਤੀ ਜਾਵੇ।

 ਦੌਰੇ ਦੌਰਾਨ ਡਾ. ਬੀ ਐੱਸ ਸੇਖੋਂ, ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ) ਨੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਪੀ. ਏ.ਯੂ . ਦੀਆਂ ਸਿਫਾਰਸ਼ ਕਿਸਮਾਂ ਅਪਨਾਉਣ ਸਬੰਧੀ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਪੀ. ਏ. ਯੂ. ਲੁਧਿਆਣਾ ਦੀਆਂ ਸਿਫਾਰਸ਼ਾਂ ਅਨੁਸਾਰ ਸੁਝਾਅ ਦਿੱਤੇ।  ਪੀ. ਏ. ਯੂ.-ਕ੍ਰਿਸ਼ੀ ਵਿਗਆਨ ਕੇਂਦਰ, ਫਿਰੋਜ਼ਪੁਰ ਦੀ ਟੀਮ ਵੱਲੋਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਉਹ ਘਬਰਾਉਣ ਦੀ ਬਜਾਏ ਲਗਾਤਾਰ ਖੇਤ ਦਾ ਸਰਵੇਖਣ ਕਰਦੇ ਰਹਿਣ ਅਤੇ ਕਿਸੇ ਵੀ ਸ਼ੱਕੀ ਲੱਛਣ ਦੀ ਸਥਿਤੀ 'ਚ ਤੁਰੰਤ ਆਪਣੇ ਨੇੜਲੇ ਕ੍ਰਿਸ਼ੀ ਵਿਗਿਆਨ ਕੇਂਦਰ, ਨਾਲ ਸੰਪਰਕ ਕਰਨ, ਤਾਂ ਜੋ ਸਮੇਂ ਸਿਰ ਸਹੀ ਸਲਾਹ ਅਤੇ ਪ੍ਰਬੰਧ ਅਪਣਾ ਕੇ ਫ਼ਸਲ ਨੂੰ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News