BSF ਦੇ ਸਹਾਇਕ ਸਬ-ਇੰਸਪੈਕਟਰ ਦੀ ਕਰੰਟ ਲੱਗਣ ਨਾਲ ਮੌਤ
Sunday, Jul 26, 2026 - 10:47 AM (IST)
ਅਬੋਹਰ (ਸੁਨੀਲ) : ਅਬੋਹਰ-ਹਨੂੰਮਾਨਗੜ੍ਹ ਰੋਡ ’ਤੇ ਸਥਿਤ ਆਪਣੇ ਕੁਆਰਟਰ ਦੀ ਛੱਤ ’ਤੇ ਹਾਈ ਵੋਲਟੇਜ ਤਾਰਾਂ ਦੇ ਸੰਪਰਕ ’ਚ ਆਉਣ ਤੋਂ ਬਾਅਦ ਸ਼ਨੀਵਾਰ ਦੁਪਹਿਰ ਇਕ ਬੀ. ਐੱਸ. ਐੱਫ. ਦੇ ਸਹਾਇਕ ਸਬ-ਇੰਸਪੈਕਟਰ ਦੀ ਮੌਤ ਹੋ ਗਈ। ਸਿਟੀ ਪੁਲਸ ਸਟੇਸ਼ਨ ਨੰਬਰ-2 ਦੀ ਪੁਲਸ ਨੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਹੈ। ਬੀ. ਐੱਸ. ਐੱਫ. ’ਚ ਸਹਾਇਕ ਸਬ-ਇੰਸਪੈਕਟਰ ਦੇ ਰੈਂਕ ’ਤੇ ਤਾਇਨਾਤ ਵਿਨੋਦ ਪੁੱਤਰ ਵਰਿੰਦਰ ਕੁਮਾਰ ਵਾਸੀ ਨੰਦਗਾਓਂ ਜ਼ਿਲ੍ਹਾ ਭਿਵਾਨੀ ਹਰਿਆਣਾ ਆਪਣੀ ਪਤਨੀ ਅਤੇ ਦੋ ਧੀਆਂ ਸਮੇਤ ਛਾਉਣੀ ਦੇ ਨੇੜੇ ਹੀ ਇਕ ਕੁਆਰਟਰ ’ਚ ਕਿਰਾਏ ’ਤੇ ਰਹਿੰਦਾ ਸੀ। ਬੀਤੇ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਉਹ ਦੁਪਹਿਰ ਛੱਤ ਤੋਂ ਪਾਣੀ ਕੱਢਣ ਗਿਆ ਸੀ ਕਿ ਜਦੋਂ ਉਹ ਛੱਤ ’ਤੇ ਵਾਈਪਰ ਨਾਲ ਸਾਫ-ਸਫਾਈ ਕਰ ਰਿਹਾ ਸੀ ਕਿ ਉਪਰੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਵਿਚ ਆ ਗਿਆ ਅਤੇ ਬਿਜਲੀ ਦਾ ਕਰੰਟ ਲੱਗ ਗਿਆ।
ਵਿਨੋਦ ਦੀ ਪਤਨੀ ਵੱਲੋਂ ਰੌਲਾ ਪਾਉਣ ਤੋਂ ਬਾਅਦ ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਉਸ ਨੂੰ ਤੁਰੰਤ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਰੈਫ਼ਰ ਕਰ ਦਿੱਤਾ। ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਿਟੀ ਪੁਲਸ ਸਟੇਸ਼ਨ ਨੰਬਰ-2 ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ’ਚ ਰੱਖ ਦਿੱਤਾ ਹੈ। ਪੁਲਸ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਰਹੀ ਹੈ।
