ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਵਿਅਕਤੀ ਦੀ ਮੌਤ
Wednesday, Jul 15, 2026 - 04:18 PM (IST)
ਫ਼ਿਰੋਜ਼ਪੁਰ (ਪਰਮਜੀਤ ਸੋਢੀ) : ਮੱਲਾਂਵਾਲਾ ਦੇ ਅਧੀਨ ਆਉਂਦੇ ਪਿੰਡ ਮਰਖਾਈ ਦੇ ਕੋਲ ਇਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ 'ਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧ 'ਚ ਥਾਣਾ ਮੱਲਾਂਵਾਲਾ ਪੁਲਸ ਨੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਮੰਗਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਸਤੀ ਗੋਬਿੰਦਗੜ੍ਹ (ਫਤਿਹਗੜ੍ਹ ਪੰਜਤੂਰ) ਜ਼ਿਲ੍ਹਾ ਮੋਗਾ ਨੇ ਦੱਸਿਆ ਕਿ ਉਸਦਾ ਜੀਜਾ ਸੋਮਨ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਬਹਾਦਰ ਰੋਜ਼ ਦੀ ਤਰ੍ਹਾਂ ਜ਼ੀਰੇ ਤੋਂ ਆਪਣੇ ਮੋਟਰਸਾਈਕਲ ’ਤੇ ਆਪਣੇ ਪਿੰਡ ਬਹਾਦਰ ਨੂੰ ਜਾ ਰਿਹਾ ਸੀ। ਉਸ ਦੇ ਪਿੱਛੇ ਉਹ ਵੀ ਮੋਟਰਸਾਈਕਲ ’ਤੇ ਆ ਰਿਹਾ ਸੀ।
ਮੰਗਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਪਿੰਡ ਮਰਖਾਈ ਕੋਲ ਪੁੱਜੇ ਤਾਂ ਅੱਗੋਂ ਇਕ ਕਾਰ ਨੰਬਰ ਨੂੰ ਇਕ ਮੋਨਾ ਲੜਕਾ ਦਵਿੰਦਰਪਾਲ ਪੁੱਤਰ ਮਹਿੰਦਰ ਸਿੰਘ ਵਾਸੀ ਡੂੰਮਣੀ ਵਾਲਾ ਦਸਤੂਲ ਸਾਹਿਬ ਕੁੱਲਗੜ੍ਹੀ ਚਲਾ ਰਿਹਾ ਸੀ। ਉਸ ਨੇ ਲਾਪਰਵਾਹੀ ਨਾਲ ਕਾਰ ਲਿਆ ਕੇ ਉਸ ਦੇ ਜੀਜੇ ਦੇ ਮੋਟਰਸਾਈਕਲ ਵਿਚ ਤੇਜ਼ ਰਫ਼ਤਾਰ ਨਾਲ ਮਾਰੀ ਅਤੇ ਉਸ ਦਾ ਜੀਜਾ ਸੋਮਨ ਸਿੰਘ ਸੜਕ ’ਤੇ ਡਿੱਗ ਗਿਆ। ਉਸ ਨੂੰ ਕਾਫੀ ਸੱਟਾਂ ਲੱਗਣ ਨਾਲ ਉਸ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
