ਘਰ ’ਚ ਜ਼ਬਰਦਸਤੀ ਦਾਖ਼ਲ ਹੋ ਕੇ ਕੁੱਟਮਾਰ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ
Saturday, May 03, 2025 - 02:48 PM (IST)

ਲੁਧਿਆਣਾ (ਅਨਿਲ) : ਥਾਣਾ ਜੋਧੇਵਾਲ ਦੀ ਪੁਲਸ ਨੇ ਘਰ ’ਚ ਜ਼ਬਰਦਸਤੀ ਦਾਖ਼ਲ ਹੋ ਕੇ ਕੁੱਟਮਾਰ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤਕਰਤਾ ਸਰੋਜ ਰਾਣੀ ਪਤਨੀ ਮੁਰਾਰੀ ਲਾਲ ਵਾਸੀ ਕ੍ਰਿਸ਼ਨਾ ਕਾਲੋਨੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 29 ਅਪ੍ਰੈਲ ਨੂੰ ਸ਼ਾਮ ਕਰੀਬ 6.45 ਵਜੇ ਉਹ ਆਪਣੇ ਘਰ ’ਚ ਆਪਣੇ ਬੇਟੇ ਨਾਲ ਬੈਠੀ ਹੋਈ ਸੀ ਅਤੇ ਉਸ ਦੌਰਾਨ ਗੁਰਵਿੰਦਰ ਸਿੰਘ, ਲਖਵਿੰਦਰ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਗ੍ਰੀਨ ਸਿਟੀ ਨੰਦਾ ਕਾਲੋਨੀ ਆਪਣੇ 5 ਅਣਪਛਾਣੇ ਸਾਥੀਆਂ ਨਾਲ ਉਨ੍ਹਾਂ ਦੇ ਘਰ ’ਚ ਜ਼ਬਰਦਸਤੀ ਦਾਖ਼ਲ ਹੋ ਗਏ ਅਤੇ ਉਸ ਦੇ ਬੇਟੇ ਰਵਿੰਦਰ ਕੁਮਾਰ ’ਤੇ ਹਮਲਾ ਕਰਦੇ ਹੋਏ ਉਸ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਉਕਤ ਮੁਲਜ਼ਮ ਮੌਕੇ ਤੋਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਲਸ ਨੇ ਔਰਤ ਸਰੋਜ ਰਾਣੀ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਗੁਰਵਿੰਦਰ ਸਿੰਘ ਲਖਵਿੰਦਰ ਸਿੰਘ ਅਤੇ ਉਸ ਦੇ 5 ਅਣਪਛਾਣੇ ਸਾਥੀਆਂ ਖ਼ਿਲਾਫ਼ ਜ਼ਬਰਦਸਤੀ ਦਾਖ਼ਲ ਹੋ ਕੇ ਕੁੱਟਮਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਰਵਿੰਦਰ ਕੁਮਾਰ ਡੀ. ਐੱਮ. ਸੀ. ਹਸਪਤਾਲ ’ਚ ਜ਼ੇਰੇ ਇਲਾਜ ਹੈ। ਫਿਲਹਾਲ ਪੁਲਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।