ਨਨਾਣ-ਭਰਜਾਈ ਦੀ ਕੁੱਟਮਾਰ ਕਰਨ ’ਤੇ 4 ਖ਼ਿਲਾਫ਼ ਮਾਮਲਾ ਦਰਜ

Wednesday, Jan 15, 2025 - 05:19 PM (IST)

ਨਨਾਣ-ਭਰਜਾਈ ਦੀ ਕੁੱਟਮਾਰ ਕਰਨ ’ਤੇ 4 ਖ਼ਿਲਾਫ਼ ਮਾਮਲਾ ਦਰਜ

ਫਿਰੋਜ਼ਪੁਰ (ਮਲਹੋਤਰਾ, ਪਰਮਜੀਤ, ਖੁੱਲਰ) : ਇਕ ਘਰ ਅੰਦਰ ਵੜ ਕੇ ਨਨਾਣ-ਭਰਜਾਈ ਦੀ ਕੁੱਟਮਾਰ ਕਰਨ ਵਾਲੇ 4 ਮੁਲਜ਼ਮ ਦੇ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਘਟਨਾ ਥਾਣਾ ਸਦਰ ਦੇ ਅਧੀਨ ਪੈਂਦੇ ਪਿੰਡ ਰਾਮੇਵਾਲਾ ਦੀ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਪੀੜਤਾ ਸਾਕਸ਼ੀ ਨੇ ਦੱਸਿਆ ਕਿ ਸੋਮਵਾਰ ਉਹ ਅਤੇ ਉਸਦੀ ਨਨਾਣ ਪ੍ਰਵੀਨ ਘਰ ਵਿਚ ਮੌਜੂਦ ਸਨ ਤਾਂ ਰਕੇਸ਼, ਸੁਖਦੇਵ ਸਿੰਘ, ਰਾਜਾ ਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਰਾਮੇਵਾਲਾ ਉਨ੍ਹਾਂ ਦੇ ਘਰ ਅੰਦਰ ਵੜ ਆਏ ਅਤੇ ਉਸਦੇ ਸਹੁਰੇ ਬਾਰੇ ਪੁੱਛਿਆ।

ਜਦ ਉਸ ਨੇ ਦੱਸਿਆ ਕਿ ਘਰ ਦੇ ਸਾਰੇ ਮਰਦ ਕੰਮਕਾਰ ’ਤੇ ਗਏ ਹੋਏ ਹਨ ਤਾਂ ਚਾਰਾਂ ਨੇ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਬਾਰਸ਼ ਦਾ ਪਾਣੀ ਸਾਡੇ ਘਰ ਵੱਲ ਕੱਢਣ ਦਾ ਮਜ਼ਾ ਅੱਜ ਇਨ੍ਹਾਂ ਨੂੰ ਚਖਾ ਦਿਓ। ਇਸ ਤੋਂ ਬਾਅਦ ਚਾਰਾਂ ਨੇ ਮਿਲ ਕੇ ਉਨ੍ਹਾਂ ਦੋਹਾਂ ਦੀ ਕੁੱਟਮਾਰ ਕੀਤੀ। ਉਹ ਆਪਣੀ ਜਾਨ ਬਚਾਉਣ ਲਈ ਘਰ ਦੇ ਕਮਰੇ ਵੱਲ ਜਾ ਰਹੀ ਸੀ ਤਾਂ ਮੁਲਜ਼ਮਾਂ ਨੇ ਉਸ ਨੂੰ ਫੜ੍ਹ ਲਿਆ ਅਤੇ ਉਸਦੇ ਕੱਪੜੇ ਫਾੜ ਦਿੱਤੇ। ਹੈੱਡ ਕਾਂਸਟੇਬਲ ਰਮੇਸ਼ ਕੁਮਾਰ ਦੇ ਅਨੁਸਾਰ ਬਿਆਨਾਂ ਦੇ ਆਧਾਰ ’ਤੇ ਚਾਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਉਪਰੰਤ ਜਾਂਚ ਕੀਤੀ ਜਾ ਰਹੀ ਹੈ।


author

Babita

Content Editor

Related News