ਰੰਜਿਸ਼ ਕਾਰਨ ਕੁੱਝ ਵਿਅਕਤੀਆਂ ਨੇ ਨੌਜਵਾਨ ਦੀ ਕੀਤੀ ਕੁੱਟਮਾਰ

Monday, Oct 14, 2024 - 12:04 PM (IST)

ਅਬੋਹਰ (ਸੁਨੀਲ) : ਬੀਤੀ ਰਾਤ ਸਥਾਨਕ ਜੰਮੂ ਬਸਤੀ ਦੇ ਰਹਿਣ ਵਾਲੇ ਇਕ 22 ਸਾਲਾ ਨੌਜਵਾਨ ਨੂੰ ਮਾਮੂਲੀ ਝਗੜੇ ਨੂੰ ਲੈ ਕੇ ਕੁੱਝ ਵਿਅਕਤੀਆਂ ਨੇ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਫਰੀਦਕੋਟ ਰੈਫ਼ਰ ਕਰ ਦਿੱਤਾ ਗਿਆ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਇਲਾਜ ਅਧੀਨ ਗਗਨਦੀਪ ਪੁੱਤਰ ਮਹਿੰਦਰ ਕੁਮਾਰ ਨੇ ਦੱਸਿਆ ਕਿ ਉਹ ਦਰਜੀ ਦੀ ਦੁਕਾਨ ਕਰਦਾ ਹੈ ਅਤੇ ਕਿਸੇ ਗੱਲ ਨੂੰ ਲੈ ਕੇ ਉਸ ਦਾ ਆਪਣੇ ਗੁਆਂਢੀ ਨਾਲ ਝਗੜਾ ਹੋ ਗਿਆ ਸੀ ਪਰ ਕੁੱਝ ਲੋਕਾਂ ਨੇ ਦੋਹਾਂ ਤੋਂ ਪੰਚਾਇਤੀ ਕਰਵਾਉਣ ਦਾ ਵਾਅਦਾ ਕੀਤਾ। ਜਿਸ ਕਾਰਨ ਮੈਂ ਪੁਲਸ ਨੂੰ ਸ਼ਿਕਾਇਤ ਨਹੀਂ ਕੀਤੀ।

ਗਗਨਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਮੋਟਰਸਾਈਕਲ ’ਤੇ ਆਨੰਦ ਨਗਰੀ ਵੱਲ ਜਾ ਰਿਹਾ ਸੀ ਕਿ ਅਚਾਨਕ ਕੁੱਝ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਸਿਰ ’ਤੇ ਬੁਰੀ ਤਰ੍ਹਾਂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਆਸ-ਪਾਸ ਦੇ ਲੋਕਾਂ ’ਚ ਦਹਿਸ਼ਤ ਫੈਲ ਗਈ ਪਰ ਕਿਸੇ ਦੀ ਹਿੰਮਤ ਨਹੀਂ ਸੀ ਕਿ ਉਸ ਨੂੰ ਚੁੱਕ ਕੇ ਹਸਪਤਾਲ ਲਿਜਾ ਸਕੇ, ਕਿਉਂਕਿ ਹਮਲਾਵਰ ਉਥੇ ਤੇਜ਼ਧਾਰ ਹਥਿਆਰਾਂ ਨਾਲ ਘੁੰਮ ਰਹੇ ਸਨ। ਇਸ ਦੌਰਾਨ ਇਕ ਪੱਤਰਕਾਰ ਆਪਣੇ ਪਰਿਵਾਰ ਸਮੇਤ ਉੱਥੋਂ ਲੰਘ ਰਿਹਾ ਸੀ ਅਤੇ ਗਗਨ ਨੂੰ ਗੰਭੀਰ ਹਾਲਤ ’ਚ ਦੇਖ ਕੇ ਉਸ ਨੇ ਆਪਣੇ ਪਰਿਵਾਰ ਨੂੰ ਉਥੇ ਛੱਡ ਦਿੱਤਾ ਅਤੇ ਜ਼ਖਮੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ।

ਪੱਤਰਕਾਰ ਨੇ ਦੱਸਿਆ ਕਿ ਉਸ ਨੇ ਘਟਨਾ ਸਬੰਧੀ ਪੁਲਸ ਨੂੰ ਵੀ ਸੂਚਿਤ ਕੀਤਾ ਪਰ ਕੋਈ ਵੀ ਮੌਕੇ ’ਤੇ ਨਹੀਂ ਪੁੱਜਿਆ, ਜਦੋਂ ਕਿ ਉਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ, ਕਿਉਂਕਿ ਇਧਰ-ਉਧਰ ਘੁੰਮ ਰਹੇ ਹਮਲਾਵਰ ਉਸ ਨੂੰ ਵੀ ਨਿਸ਼ਾਨਾ ਬਣਾ ਸਕਦੇ ਸਨ। ਬਾਅਦ ’ਚ ਉਸ ਨੇ ਇਸ ਦੀ ਸੂਚਨਾ ਜ਼ਿਲ੍ਹਾ ਪੁਲਸ ਕਪਤਾਨ ਨੂੰ ਦਿੱਤੀ। ਥਾਣਾ ਇੰਚਾਰਜ ਨੇ ਦੱਸਿਆ ਕਿ ਜ਼ਖਮੀ ਦੇ ਬਿਆਨਾਂ ਦੇ ਆਧਾਰ ’ਤੇ ਹਮਲਾਵਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
 


Babita

Content Editor

Related News