ਲੜਾਈ ਮੁਕਾਉਣ ਪੁੱਜੇ ਵਿਅਕਤੀ ਦੀ ਮੌਤ ਮਾਮਲੇ ''ਚ 4 ਖਿਲਾਫ਼ ਮੁਕੱਦਮਾ ਦਰਜ
Wednesday, Aug 12, 2020 - 11:26 AM (IST)
ਬੱਧਣੀ ਕਲਾਂ, ਚੜਿੱਕ (ਬੱਬੀ) : ਪਿੰਡ ਬੁਰਜ ਦੁੱਨਾ ਵਿਖੇ 2 ਧਿਰਾਂ ਵਿਚਕਾਰ ਚੱਲ ਰਹੀ ਲੜਾਈ ਦੌਰਾਨ ਛੁਡਾਉਣ ਦੀ ਕੋਸ਼ਿਸ਼ ਕਰਦਿਆਂ ਸਿਰ ’ਚ ਇੱਟ ਵੱਜਣ ਨਾਲ ਜ਼ਖਮੀਂ ਹੋਏ 66 ਸਾਲਾ ਇਕ ਵਿਅਕਤੀ ਸ਼ਿੰਦਰ ਸਿੰਘ ਦੀ ਹਸਪਤਾਲ ’ਚ ਮੌਤ ਹੋ ਗਈ ਸੀ, ਜਿਸ ਉਪਰੰਤ ਬੱਧਣੀ ਕਲਾਂ ਪੁਲਸ ਵੱਲੋਂ ਮ੍ਰਿਤਕ ਦੀ ਪਤਨੀ ਮਹਿੰਦਰ ਕੌਰ ਦੇ ਬਿਆਨਾਂ ’ਤੇ ਇਕ ਜਨਾਨੀ ਸਮੇਤ 4 ਵਿਅਕਤੀਆਂ ਖਿਲਾਫ਼ ਥਾਣਾ ਬੱਧਨੀ ਕਲਾਂ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਪੁਲਸ ਨੂੰ ਦਿੱਤੇ ਬਿਆਨਾਂ ’ਚ ਮਹਿੰਦਰ ਕੌਰ ਪਤਨੀ ਸ਼ਿੰਦਰ ਸਿੰਘ ਨੇ ਕਿਹਾ ਹੈ ਕਿ 9 ਅਗਸਤ ਨੂੰ ਸ਼ਾਮ 7 ਵਜੇ ਦੇ ਕਰੀਬ ਉਨ੍ਹਾਂ ਦੇ ਘਰ ਦੇ ਸਾਹਮਣੇ ਕੁੱਝ ਲੋਕ ਆਪਸ ’ਚ ਲੜ ਰਹੇ ਸਨ ਅਤੇ ਉਨ੍ਹਾਂ ਵੱਲੋਂ ਇਕ-ਦੂਜੇ ਉੱਪਰ ਇੱਟਾਂ-ਰੋੜੇ ਵੀ ਚਲਾਏ ਜਾ ਰਹੇ ਸਨ, ਇਸ ਦੌਰਾਨ ਮੇਰਾ ਪਤੀ ਸ਼ਿੰਦਰ ਸਿੰਘ ਜਦੋਂ ਉਨ੍ਹਾਂ ਦੀ ਲੜਾਈ ਖਤਮ ਕਰਵਾਉਣ ਲਈ ਮੌਕੇ ’ਤੇ ਪਹੁੰਚਿਆਂ ਤਾਂ ਜਸਵਿੰਦਰ ਸਿੰਘ ਉਰਫ਼ ਲਾਲਾ ਨਾਮੀ ਵਿਅਕਤੀ ਵੱਲੋਂ ਚਲਾਈ ਇੱਟ ਮੇਰੇ ਪਤੀ ਦੇ ਸਿਰ ’ਤੇ ਵੱਜੀ, ਜਿਸ ਨਾਲ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਪਰ ਮੁਲਜ਼ਮ ਮੇਰੇ ਪਤੀ ਨੂੰ ਚੁੱਕ ਕੇ ਹਸਪਤਾਲ ਲਿਜਾਣ ਦੀ ਥਾਂ ਖੂਨ ਨਾਲ ਲੱਥ-ਪੱਥ ਪਏ ਨੂੰ ਉਥੇ ਛੱਡ ਕੇ ਘਟਨਾ ਸਥਾਨ ਤੋਂ ਫਰਾਰ ਹੋ ਗਏ, ਜਿਸ ਤੋਂ ਬਾਅਦ ਅਸੀਂ ਸ਼ਿੰਦਰ ਸਿੰਘ ਨੂੰ ਚੁੱਕ ਕੇ ਸਿਵਲ ਹਸਪਤਾਲ ਮੋਗਾ ਇਲਾਜ ਲਈ ਦਾਖ਼ਲ ਕਰਵਾਇਆ ਪਰ ਸੱਟ ਜ਼ਿਆਦਾ ਹੋਣ ਕਾਰਣ ਡਾਕਟਰਾਂ ਵੱਲੋਂ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਥਾਣਾ ਬੱਧਣੀ ਕਲਾਂ ਵਿਖੇ ਜਸਵਿੰਦਰ ਸਿੰਘ ਉਰਫ਼ ਲਾਲਾ ਵਾਸੀ ਬੁਰਜ ਦੁੱਨਾ, ਹਰਪਿੰਦਰ ਸਿੰਘ ਉਰਫ ਬਿੰਦਾ ਪੁੱਤਰ ਗੁਰਦੀਪ ਸਿੰਘ ਵਾਸੀ ਬੁਰਜ ਦੁੱਨਾ, ਗੁਰਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਬੁਰਜ ਦੁੱਨਾ ਅਤੇ ਲਖਵਿੰਦਰ ਕੌਰ ਪਤਨੀ ਬਲਜੀਤ ਸਿੰਘ ਵਾਸੀ ਬੁਰਜ ਦੁੱਨਾ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਅਗਲੀ ਕਾਰਵਾਈ ਸਹਾਇਕ ਥਾਣੇਦਾਰ ਸੇਵਕ ਸਿੰਘ ਵੱਲੋਂ ਅਮਲ ’ਚ ਲਿਆਂਦੀ ਜਾ ਰਹੀ ਹੈ।