ਸਿੰਗਲ ਯੂਜ਼ ਪਲਾਸਟਿਕ ਵੇਚਣ ਜਾਂ ਵਰਤਣ ’ਤੇ ਵਜ਼ਨ ਦੇ ਹਿਸਾਬ ਨਾਲ ਲੱਗੇਗਾ ਜੁਰਮਾਨਾ

10/03/2022 4:32:03 PM

ਲੁਧਿਆਣਾ (ਹਿਤੇਸ਼) : ਨਗਰ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਵੱਲੋਂ ਸਿੰਗਲ ਯੂਜ਼ ਪਲਾਸਟਿਕ ’ਤੇ ਰੋਕ ਲਗਾਉਣ ਲਈ ਸਵੱਛ ਭਾਰਤ ਮੁਹਿੰਮ ਦੇ ਤਹਿਤ ‘ਮੇਰਾ ਥੈਲਾ ਮੇਰੀ ਸ਼ਾਨ’ ਦੇ ਸਲੋਗਨ ਦੇ ਨਾਲ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਨਾਲ ਹੀ ਹੈਲਥ ਸ਼ਾਖਾ ਦੇ ਅਧਿਕਾਰੀਆਂ ਵੱਲੋਂ ਆਉਣ ਵਾਲੇ ਦਿਨਾਂ ਵਿਚ ਸਿੰਗਲ ਯੂਜ਼ ਪਲਾਸਟਿਕ ਵੇਚਣ ਜਾਂ ਵਰਤਣ ਵਾਲਿਆਂ ਖ਼ਿਲਾਫ਼ ਪੁਲਸ ਦੀ ਮਦਦ ਨਾਲ ਕਾਰਵਾਈ ਤੇਜ਼ ਕੀਤੀ ਜਾਵੇਗੀ।

ਇਸ ਦੌਰਾਨ ਹੋਣ ਵਾਲੀ ਰਿਕਵਰੀ ਨੂੰ ਲੈ ਕੇ ਵਜ਼ਨ ਦੇ ਹਿਸਾਬ ਨਾਲ ਜੁਰਮਾਨਾ ਲੱਗੇਗਾ, ਜਿਸ ਦਾ ਅੰਕੜਾ 2 ਤੋਂ ਲੈ ਕੇ 25 ਹਜ਼ਾਰ ਤੱਕ ਦੱਸਿਆ ਜਾ ਰਿਹਾ ਹੈ। ਇਸ ਦੇ ਲਈ ਨਗਰ ਨਿਗਮ ਵੱਲੋਂ ਚਲਾਨ ਕੱਟਣ ਦਾ ਪੈਟਰਨ ਬਦਲਿਆ ਜਾ ਰਿਹਾ ਹੈ। ਇਸ ਸਬੰਧੀ ਪ੍ਰਸਤਾਵ ਮੰਗਲਵਾਰ ਨੂੰ ਹੋਣ ਵਾਲੀ ਜਨਰਲ ਹਾਊਸ ਦੀ ਬੈਠਕ ਵਿਚ ਪੇਸ਼ ਕੀਤਾ ਜਾਵੇਗਾ। ਪਹਿਲਾਂ ਸਾਲਿਡ ਵੇਸਟ ਮੈਨੇਜਮੈਂਟ ਨਿਯਮਾਂ ਦਾ ਪਾਲਣ ਨਾ ਕਰਨ ਵਾਲਿਆਂ ਦੇ ਚਲਾਨ ਕੱਟਣ ਦੀ ਡਿਟੇਲ ਵਿਚ ਹੀ ਪਾਬੰਦੀਸ਼ੁਦਾ ਪਲਾਸਟਿਕ ਕੈਰੀ ਬੈਗ ਵੇਚਣ ਜਾਂ ਵਰਤਣ ਵਾਲੇ ਲੋਕਾਂ ’ਤੇ ਜੁਰਮਾਨਾ ਲਗਾਉਣ ਦਾ ਪਹਿਲੂ ਸ਼ਾਮਲ ਹੈ।

ਹੁਣ ਸਿੰਗਲ ਯੂਜ਼ ਪਲਾਸਟਿਕ ’ਤੇ ਰੋਕ ਲਗਾਉਣ ਲਈ ਨਵੇਂ ਸਿਰੇ ਤੋਂ ਨਿਯਮ ਜਾਰੀ ਕੀਤੇ ਗਏ ਹਨ। ਇਸ ਦੇ ਮੁਤਾਬਕ ਕਾਰਵਾਈ ਕਰਨ ਲਈ ਵੱਖ ਤੋਂ ਚਲਾਨ ਕੱਟਣ ਦੀ ਯੋਜਨਾ ਬਣਾਈ ਗਈ ਹੈ, ਜਿਸ ਵਿਚ ਆਈਟਮ ਵਾਈਜ਼ ਜੁਰਮਾਨਾ ਲਗਾਉਣ ਦੀ ਡਿਟੇਲ ਸ਼ਾਮਲ ਕੀਤੀ ਜਾਵੇਗੀ।
 


Babita

Content Editor

Related News