ਬਠਿੰਡਾ : ਵਿੱਤ ਮੰਤਰੀ ਦਾ ਰਸਤਾ ਰੋਕ ਕੇ ਥਰਮਲ ਕਰਮਚਾਰੀਆਂ ਨੇ ਦਿਖਾਈਆਂ ਕਾਲੀਆਂ ਝੰਡੀਆਂ
Saturday, Jan 27, 2018 - 12:51 PM (IST)

ਬਠਿੰਡਾ (ਪਰਮਿੰਦਰ) — ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਬਠਿੰਡਾ ਪਹੁੰਚਣ 'ਤੇ ਥਰਮਲ ਪਲਾਂਟ ਕਰਮਚਾਰੀਆਂ ਵਲੋਂ ਵਿਰੋਧ ਕੀਤਾ ਗਿਆ। ਜਾਣਕਾਰੀ ਮੁਤਾਬਕ ਬਠਿੰਡਾ ਥਰਮਲ ਪਲਾਂਟ ਬੰਦ ਹੋਣ ਕਾਰਨ ਪਲਾਂਟ 'ਚ ਕੰਮ ਕਰ ਰਹੇ ਕਈ ਕਰਮਚਾਰੀ ਬੇਰੁਜ਼ਗਾਰ ਹੋ ਗਏ, ਜਿਸ ਕਾਰਨ ਉਹ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਰਹੇ ਹਨ। ਥਰਮਲ ਕਰਮਚਾਰੀ ਪਿਛਲੇ ਕਈ ਦਿਨਾਂ ਤੋਂ ਥਰਮਲ ਪਲਾਂਟ ਬੰਦ ਕਰਨ ਦੇ ਵਿਰੋਧ 'ਚ ਆਪਣੇ ਪਰਿਵਾਰਾਂ ਸਮੇਤ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਇਨ੍ਹਾਂ ਕਰਮਚਾਰੀਆਂ ਵੱਲ ਕੋਈ ਧਿਆਨ ਨਹੀਂ ਦੇ ਰਹੀ, ਜਿਸ ਦੇ ਰੋਸ ਵਜੋਂ ਵਿੱਤ ਮੰਤਰੀ ਦੇ ਬਠਿੰਡਾ ਪਹੁੰਚਣ 'ਤੇ ਉਨ੍ਹਾਂ ਦੇ ਰਸਤੇ ਨੂੰ ਰੋਕ ਕੇ ਕਰਮਚਾਰੀਆਂ ਵਲੋਂ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ। ਬਠਿੰਡਾ ਪੁਲਸ ਵਲੋਂ ਸਥਿਤੀ ਨੂੰ ਸੰਭਾਲਦੇ ਹੋਏ ਵੱਡੀ ਗਿਣਤੀ 'ਚ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ, ਜਿਨ੍ਹਾਂ ਵਲੋਂ ਥਰਮਲ ਪਲਾਂਟ ਕਰਮਚਾਰੀਆਂ ਨੂੰ ਰੋਕਿਆ ਗਿਆ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਬਠਿੰਡਾ ਤੋਂ ਚੋਣ ਜਿੱਤ ਕੇ ਸੱਤਾ 'ਚ ਆਏ ਹਨ ਤੇ ਉਨ੍ਹਾਂ ਨੇ ਚੋਣਾਂ ਦੌਰਾਨ ਥਰਮਲ ਪਲਾਂਟ ਬੰਦ ਨਾ ਕਰਨ ਦਾ ਵਾਅਦਾ ਵੀ ਕੀਤਾ ਸੀ।