ਨਿਆਂ ਮਿਲਣ ਦੀ ਆਸ ਲਈ ਦਰ-ਦਰ ਭਟਕ ਰਿਹੈ ਫੌਜੀ

Monday, Jan 15, 2018 - 08:04 AM (IST)

ਗਿੱਦੜਬਾਹਾ  (ਸੰਧਿਆ) - ਪਿੰਡ ਕੋਟਭਾਈ ਦੇ ਰਹਿਣ ਵਾਲੇ ਅਤੇ ਭਿਮੀਆਣਾ ਹਵਾਈ ਅੱਡੇ ਵਿਚ ਬਤੌਰ ਵਾਰੰਟ ਅਫ਼ਸਰ ਕੰਮ ਕਰਨ ਵਾਲਾ ਦੇਸ਼ ਸੇਵਕ ਫੌਜੀ ਪਿਛਲੇ ਕਰੀਬ ਸਾਢੇ 3 ਮਹੀਨਿਆਂ ਤੋਂ ਨਿਆਂ ਮਿਲਣ ਦੀ ਉਡੀਕ ਵਿਚ ਥਾਣਾ ਕੋਟਭਾਈ ਦੇ ਚੱਕਰ ਲਾ ਰਿਹਾ ਹੈ ਅਤੇ ਆਪਣੇ ਬੀਮਾਰ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਆਪਣੀ ਪਤਨੀ, ਸਾਲਾ ਅਤੇ ਸਾਲੇਹਾਰ ਵੱਲੋਂ ਪਰਿਵਾਰਕ ਮੈਂਬਰਾਂ ਦੀ ਗੈਰ-ਹਾਜ਼ਰੀ ਵਿਚ ਘਰ 'ਚੋਂ ਸਾਢੇ 4 ਲੱਖ ਦਾ ਸਾਮਾਨ ਚੋਰੀ ਕਰ ਕੇ ਲਿਜਾਣ ਦੇ ਦੋਸ਼ ਵਿਚ ਦਰਜ ਮੁਕੱਦਮੇ 'ਤੇ ਕਾਨੂੰਨੀ ਕਾਰਵਾਈ ਅਤੇ ਸਾਰਾ ਸਾਮਾਨ ਵਾਪਸ ਦਿਵਾਉਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ।
ਪੁਲਸ ਸਟੇਸ਼ਨ ਕੋਟਭਾਈ ਦੇ ਇੰਚਾਰਜ ਕ੍ਰਿਸ਼ਨ ਕੁਮਾਰ ਸਬ-ਇੰਸਪੈਕਟਰ ਵੱਲੋਂ ਦੋਵੇਂ ਪਾਰਟੀਆਂ ਨੂੰ ਵਾਰ-ਵਾਰ ਪੁਲਸ ਸਟੇਸ਼ਨ 'ਚ ਬੁਲਾਉਣ ਅਤੇ ਕਿਸੇ ਵੀ ਨਤੀਜੇ 'ਤੇ ਨਾ ਪਹੁੰਚਣ ਤੋਂ ਨਾਰਾਜ਼ ਜਗਸੀਰ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਨੇੜੇ ਮੇਨ ਬੱਸ ਅੱਡਾ, ਪਿੰਡ ਕੋਟਭਾਈ ਨੇ ਦੱਸਿਆ ਕਿ ਉਹ ਫੌਜ ਵਿਚ ਬਤੌਰ ਵਾਰੰਟ ਅਫ਼ਸਰ ਹਵਾਈ ਅੱਡਾ ਕਿਲੀ ਭਿਮੀਆਣਾ, ਬਠਿੰਡਾ ਵਿਖੇ ਤਾਇਨਾਤ ਹੈ। ਉਸ ਦਾ ਵਿਆਹ ਕਿਰਨਜੋਤ ਕੌਰ ਪੁੱਤਰੀ ਬਲਵੰਤ ਸਿੰਘ ਵਾਸੀ ਭਾਈ ਮਤੀ ਦਾਸ ਨਗਰ, ਗਲੀ ਨੰ. 15-ਸੀ ਮਾਨਸਾ ਰੋਡ, ਬਠਿੰਡਾ ਨਾਲ 9 ਫਰਵਰੀ, 2010 ਨੂੰ ਸਾਦੇ ਢੰਗ ਨਾਲ ਹੋਈ।
ਉਹ ਆਪਣੇ ਬਜ਼ੁਰਗ ਮਾਤਾ-ਪਿਤਾ ਦਾ ਇਕਲੌਤਾ ਬੇਟਾ ਹੈ, ਜੋ ਕਿ ਉਨ੍ਹਾਂ ਦੀ ਦੇਖ-ਭਾਲ ਅਤੇ ਬੁਢਾਪੇ ਦਾ ਸਹਾਰਾ ਹੈ। ਉਸ ਦੀ ਪਤਨੀ ਅਤੇ ਸਹੁਰਾ ਪਰਿਵਾਰ ਉਸ ਨੂੰ ਉਸ ਦੇ ਮਾਤਾ-ਪਿਤਾ ਨੂੰ ਪਿੰਡ ਕੋਟਭਾਈ ਉਨ੍ਹਾਂ ਦੇ ਜੱਦੀ ਮਕਾਨ 'ਚ ਇਕੱਲਾ ਛੱਡ ਬਠਿੰਡਾ ਰਹਿਣ ਲਈ ਜ਼ਬਰਦਸਤੀ ਕਰਦੇ ਸਨ। ਪਤਨੀ ਦੇ ਕਹਿਣ 'ਤੇ ਉਹ ਸਹੁਰਾ ਪਰਿਵਾਰ ਦੀ ਮਾਲੀ ਸਹਾਇਤਾ ਵੀ ਕਰਦਾ ਸੀ। ਉਨ੍ਹਾਂ ਦਾ ਦੋ ਸਾਲਾ ਬੇਟਾ ਵੀ ਹੈ। 25-05-2017 ਨੂੰ ਜਦੋਂ ਉਹ ਆਪਣੇ ਬਜ਼ੁਰਗ ਮਾਤਾ-ਪਿਤਾ ਨੂੰ ਲੈ ਕੇ ਦਵਾਈ ਲੈਣ ਅਬੋਹਰ ਗਏ ਤਾਂ ਉਸ ਦੀ ਪਤਨੀ ਕਿਰਨਜੀਤ ਕੌਰ ਨੇ ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਆਪਣੇ ਭਰਾ ਲਖਵਿੰਦਰ ਸਿੰਘ ਉਰਫ ਲੱਖਾ, ਉਸ ਦੀ ਪਤਨੀ ਬਲਜਿੰਦਰ ਕੌਰ ਉਰਫ਼ ਬੱਬੂ ਨੂੰ ਪਿੰਡ ਕੋਟਭਾਈ ਬੁਲਾਇਆ, ਜੋ ਕਿ ਇਕ ਕਾਰ ਲੈ ਕੇ ਆਏ ਅਤੇ ਉਸ ਦੇ ਘਰ 'ਚੋਂ ਕਰੀਬ 13 ਤੋਲੇ ਸੋਨਾ, ਜ਼ਰੂਰੀ ਦਸਤਾਵੇਜ਼ ਸਮੇਤ ਕਰੀਬ ਸਾਢੇ 4 ਲੱਖ ਰੁਪਏ ਦਾ ਸਾਮਾਨ ਚੋਰੀ ਕਰ ਕੇ ਲੈ ਗਏ।
ਉਸ ਨੇ ਦੱਸਿਆ ਕਿ ਉਕਤ ਘਟਨਾ ਬਾਰੇ ਉਸ ਨੇ 07-07-2017 ਨੂੰ ਦਰਖਾਸਤ ਦਿੱਤੀ ਸੀ ਕਿਉਂਕਿ ਪੰਚਾਇਤੀ ਰਾਜ਼ੀਨਾਮਾ ਸਿਰੇ ਨਹੀਂ ਸੀ ਚੜ੍ਹਿਆ। ਉਕਤ ਸਾਰੀ ਘਟਨਾ ਪਿੰਡ ਕੋਟਭਾਈ ਦੇ ਰਮਿੰਦਰ ਸਿੰਘ ਪੁੱਤਰ ਮਨੋਹਰ ਸਿੰਘ ਨੇ ਆਪਣੀ ਅੱਖੀਂ ਵੇਖਿਆ ਸੀ। 1 ਅਕਤੂਬਰ, 2017 ਨੂੰ ਉਕਤ ਤਿੰਨੇ ਜਣਿਆਂ 'ਤੇ ਮੁਕੱਦਮਾ ਨੰਬਰ 0121 ਤਹਿਤ ਧਾਰਾ 379 ਆਈ. ਪੀ. ਸੀ. ਤਹਿਤ ਕਾਰਵਾਈ ਥਾਣਾ ਕੋਟਭਾਈ ਵਿਖੇ ਕੀਤੀ ਗਈ। ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕਰਨ ਲਈ ਉਹ ਡੀ. ਐੱਸ. ਪੀ. ਰਾਜਪਾਲ ਸਿੰਘ ਹੁੰਦਲ, ਗਿੱਦੜਬਾਹਾ, ਸਬ-ਇੰਸਪੈਕਟਰ ਕ੍ਰਿਸ਼ਨ ਕੁਮਾਰ ਥਾਣਾ ਕੋਟਭਾਈ, ਐੱਸ. ਐੱਸ. ਪੀ. ਸ੍ਰੀ ਮੁਕਤਸਰ ਸਾਹਿਬ ਅਤੇ ਆਈ. ਜੀ. ਪੰਜਾਬ ਪੁਲਸ ਬਠਿੰਡਾ ਰੇਂਜ, ਬਠਿੰਡਾ ਨੂੰ ਵੀ ਮਿਲਿਆ ਪਰ ਕਰੀਬ ਸਾਢੇ 3 ਮਹੀਨੇ ਬੀਤਣ ਤੋਂ ਬਾਅਦ ਵੀ ਉਸ ਨੂੰ ਉਸ ਦਾ ਸਾਮਾਨ ਤੱਕ ਵਾਪਸ ਨਹੀਂ ਦਿਵਾਇਆ ਗਿਆ।
ਉਸ ਨੇ ਮੰਗ ਕੀਤੀ ਕਿ ਇਕ ਫੌਜੀ ਦੇ ਘਰ ਜਾਇਦਾਦ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਨੂੰ ਨਾ-ਕਾਮਯਾਬ ਕਰਨ ਲਈ ਪੁਲਸ ਉਸ ਨੂੰ ਨਿਆਂ ਦੇਵੇ ਅਤੇ ਉਸ ਦੀ ਪਤਨੀ, ਸਾਲਾ ਅਤੇ ਸਾਲੇਹਾਰ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਵੀ ਕਰੇ।
ਕੀ ਕਹਿੰਦੇ ਨੇ ਡੀ. ਐੱਸ. ਪੀ. ਰਾਜਪਾਲ ਸਿੰਘ
ਇਸ ਸਬੰਧੀ ਡੀ. ਐੱਸ. ਪੀ. ਰਾਜਪਾਲ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਉਕਤ ਸਾਰੇ ਮਾਮਲੇ ਦੀ ਪੜਤਾਲ ਚੱਲ ਰਹੀ ਹੈ। ਜਾਂਚ ਮੁਕੰਮਲ ਹੋਣ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੈ, ਜ਼ਰੂਰ ਕੀਤੀ ਜਾਵੇਗੀ।


Related News