ਫਿਰੋਜ਼ਪੁਰ : ਭਾਰਤ-ਪਾਕਿ ਸਰਹੱਦ ਤੋਂ 10 ਕਰੋੜ ਦੀ ਹੈਰੋਇਨ ਬਰਾਮਦ
Monday, Jul 29, 2019 - 06:14 PM (IST)

ਫਿਰੋਜ਼ਪੁਰ (ਕੁਮਾਰ) - ਪੰਜਾਬ ਪੁਲਸ ਦੇ ਐਂਟੀ ਨਾਰਕੋਟਿਕ ਵਿੰਗ ਤੇ ਸੀਮਾ ਸੁਰੱਖਿਆ ਬਲ ਨੇ ਅੰਤਰ ਰਾਸ਼ਟਰੀ ਹਿੰਦ ਪਾਕ ਸਰਹੱਦ ਤੇ ਸਾਂਝੀ ਤਲਾਸ਼ੀ ਮੁਹਿੰਮ ਚਲਾ ਕੇ ਸਰਹੱਦ ਪਾਰੋਂ ਸਮੱਗਲ ਹੋ ਕੇ ਆਈ 10 ਕਰੋੜ ਰੁਪਏ ਮੁੱਲ ਦੀ ਦੋ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਆਈ.ਜੀ. ਐਮ.ਐਸ. ਛੀਨਾ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈਲ ਨੁੰ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਸਮੱਗਲਰਾਂ ਵੱਲੋਂ ਇੰਟਰਨੈਸ਼ਨਲ ਬਾਰਡਰ ਦੀ ਦੋਨਾ ਤੇਲੂ ਮੱਖ ਚੈਕਪੋਸਟ ਇਲਾਕੇ ਤੋਂ ਹੈਰੋਇਨ ਦੀ ਡਿਲੀਵਰੀ ਭਾਰਤੀ ਇਲਾਕੇ ਵਿਚ ਕੀਤੀ ਗਈ ਹੈ। ਸੂਚਨਾ ਦੇ ਆਧਾਰ ਤੇ ਸੀਮਾ ਸੁਰੱਖਿਆ ਬਲ ਦੇ ਨਾਲ ਰਾਬਤਾ ਕਾਇਮ ਕਰਕੇ 29 ਬਟਾਲੀਅਨ ਦੇ ਨਾਲ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਉਕਤ ਚੈਕਪੋਸਟ ਦੇ ਬਾਰਡਰ ਪਿੱਲਰ ਨੰਬਰ 197/8 ਦੇ ਕੋਲ ਮਿੱਟੀ ਵਿਚ ਦਬਾ ਕੇ ਰੱਖੀ ਪੈਪਸੀ ਦੀ ਬੋਤਲ ਮਿਲੀ। ਬੋਤਲ ਨੂੰ ਬਾਹਰ ਕੱਢ ਕੇ ਖੋਲ੍ਹਿਆ ਗਿਆ ਤਾਂ ਇਸ ਵਿਚ ਹੈਰੋਇਨ ਭਰੀ ਹੋਈ ਸੀ ਜਿਸਦਾ ਵਜ਼ਨ ਕਰੀਬ 2 ਕਿਲੋ ਨਿਕਲਿਆ। ਛੀਨਾ ਨੇ ਦੱਸਿਆ ਕਿ ਬਰਾਮਦ ਹੈਰੋਇਨ ਦੀ ਅੰਤਰ ਰਾਸ਼ਟਰੀ ਬਜਾਰ ਵਿਚ ਕੀਮਤ ਕਰੀਬ 10 ਕਰੋੜ ਰੁਪਏ ਦੱਸੀ ਜਾ ਰਹੀ ਹੈ।