ਗੋਦ ਲਏ ਪੁੱਤ ਨੇ ਵਸੀਅਤ ਆਪਣੇ ਨਾਂ ਕਰਵਾ ਸੜਕਾਂ 'ਤੇ ਰੋਲਿਆ ਬਜ਼ੁਰਗ ਜੋੜਾ (ਵੀਡੀਓ)

Friday, Nov 15, 2019 - 02:03 PM (IST)

ਫਤਿਹਗੜ੍ਹ ਸਾਹਿਬ (ਵਿਪਨ ਬੀਜਾ) - ਅਮਲੋਹ ਦੇ ਪਿੰਡ ਸ਼ਮਸਪੁਰ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਸ਼ਮਸਪੁਰ 'ਚ ਰਹਿ ਰਿਹਾ 100 ਸਾਲ ਦੇ ਕਰੀਬ ਬਜ਼ੁਰਗ ਜੋੜਾ ਆਪਣਿਆਂ ਵਲੋਂ ਕੀਤੇ ਜਾ ਰਹੇ ਧੋਖੇ ਦਾ ਸ਼ਿਕਾਰ ਹੋ ਗਿਆ ਹੈ। ਬਜ਼ੁਰਗ ਜੋੜੇ ਮੁਤਾਬਕ ਉਨ੍ਹਾਂ ਦੇ ਘਰ ਕੋਈ ਔਲਾਦ ਨਹੀਂ ਸੀ, ਜਿਸ ਕਾਰਨ ਬਜ਼ੁਰਗ ਮਹਿਲਾ ਅਮਰਜੀਤ ਕੌਰ ਨੇ ਆਪਣੇ ਭਾਣਜੇ ਨੂੰ ਹੀ ਗੋਦ ਲੈ ਲਿਆ। ਗੋਦ ਲਏ ਭਾਣਜੇ ਨੇ ਬਜ਼ੁਰਗ ਜੋੜੇ ਦਾ ਆਸਰਾ ਅਤੇ ਉਨ੍ਹ੍ਹਾਂ ਦੀ ਮਦਦ ਕਰਨ ਦੀ ਥਾਂ ਧੋਖੇ ਨਾਲ ਦੋਵਾਂ ਬਜ਼ੁਰਗਾਂ ਦੀ ਸਾਰੀ ਜ਼ਮੀਨ ਅਤੇ ਜਾਇਦਾਦ ਆਪਣੇ ਨਾਂ ਕਰਵਾ ਲਈ ਅਤੇ ਰਾਤ ਦੇ ਹਨੇਰੇ 'ਚ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ।

ਸਿਰ 'ਤੇ ਛੱਤ ਨਾ ਹੋਣ ਕਾਰਨ ਬੀਤੇ ਇਕ ਸਾਲ ਤੋਂ ਬਜ਼ੁਰਗ ਜੋੜਾਂ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਮਲੋਹ ਦੇ ਗੁਰਦੁਆਰਾ ਸਾਹਿਬ 'ਚ ਓਟ ਲੈ ਲਈ। ਇਸ ਤੋਂ ਬਾਅਦ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਉਨ੍ਹਾਂ ਨੂੰ ਆਪਣੇ ਘਰ ਲੈ ਆਏ ਅਤੇ ਹੁਣ ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਜੰਗ ਲੜ ਰਹੇ ਹਨ। ਬਜ਼ੁਰਗ ਜੋੜੇ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਮਿਹਨਤ ਨਾਲ ਬਣਾਈ ਜ਼ਮੀਨ ਜਾਇਦਾਦ ਉਨ੍ਹਾਂ ਨੂੰ ਵਾਪਸ ਦਿਵਾਈ ਜਾਵੇ ਤਾਂ ਜੋ ਉਨ੍ਹਾਂ ਨੂੰ ਦਰ-ਦਰ ਦੀਆਂ ਠੋਕਰਾਂ ਨਾ ਖਾਣੀਆਂ ਪੈਣ। ਇਸ ਮਾਮਲੇ ਦਾ ਪਤਾ ਲੱਗਣ 'ਤੇ ਪੁੱਜੀ ਪੁਲਸ ਨੇ ਕਿਹਾ ਕਿ ਉਨ੍ਹਾਂ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

rajwinder kaur

Content Editor

Related News