ਚੰਡੀਗੜ੍ਹ : ਜਨਵਰੀ ਦੇ ਅਖ਼ੀਰ ਤੱਕ ਤਿਆਰ ਹੋ ਜਾਣਗੇ 37 ਫਾਸਟ ਚਾਰਜਿੰਗ ਸਟੇਸ਼ਨ
Thursday, Dec 09, 2021 - 01:19 PM (IST)
ਚੰਡੀਗੜ੍ਹ (ਰਜਿੰਦਰ) : ਸ਼ਹਿਰ ਵਾਸੀਆਂ ਨੂੰ ਇਲੈਕਟ੍ਰਿਕ ਵਾਹਨਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਯੂ. ਟੀ. ਪ੍ਰਸ਼ਾਸਨ ਜਲਦੀ ਹੀ ਵੱਖ-ਵੱਖ ਸੈਕਟਰਾਂ ਵਿਚ 37 ਫਾਸਟ ਚਾਰਜਿੰਗ ਸਟੇਸ਼ਨ ਇੰਸਟਾਲ ਕਰ ਰਿਹਾ ਹੈ। ਕੇਂਦਰ ਸਰਕਾਰ ਨੇ ਫਾਸਟਰ ਅਡਾਪਸ਼ਨ ਐਂਡ ਮੈਨੂਫੈਕਚਰਿੰਗ ਆਫ ਹਾਈਬ੍ਰਿਡ ਐਂਡ ਇਲੈਕਟ੍ਰਿਕ ਵ੍ਹੀਕਲ ਮਤਲਬ ਫੇਮ ਇੰਡੀਆ ਸਕੀਮ ਫੇਸ-ਦੋ ਤਹਿਤ ਸ਼ਹਿਰ ਲਈ 70 ਫਾਸਟ ਚਾਰਜਿੰਗ ਸਟੇਸ਼ਨ ਲਾਉਣ ਦੀ ਮਨਜ਼ੂਰੀ ਦਿੱਤੀ ਹੈ। ਇਸ ਸਬੰਧੀ ਇਕ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ 37 ਫਾਸਟ ਚਾਰਜਿੰਗ ਸਟੇਸ਼ਨ ਲਾਉਣ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਜਨਵਰੀ ਮਹੀਨੇ ਦੇ ਅਖ਼ੀਰ ਤੱਕ ਕੰਮ ਪੂਰਾ ਕਰ ਲਿਆ ਜਾਵੇਗਾ।
ਉਹ ਸੈਕਟਰਾਂ ਦੀ ਪਾਰਕਿੰਗ ਵਿਚ ਇਹ ਚਾਰਜਿੰਗ ਸਟੇਸ਼ਨ ਲਾ ਰਹੇ ਹਨ, ਤਾਂ ਜੋ ਲੋਕਾਂ ਨੂੰ ਜ਼ਿਆਦਾ ਦੂਰ ਨਾ ਜਾਣਾ ਪਵੇ। ਉਨ੍ਹਾਂ ਕਿਹਾ ਕਿ ਚਾਰ ਅਤੇ ਦੋ ਪਹੀਆ ਵਾਹਨਾਂ ਨੂੰ ਇਕ ਹੀ ਚਾਰਜਿੰਗ ਸਟੇਸ਼ਨ ਤੋਂ ਚਾਰਜ ਕੀਤਾ ਜਾ ਸਕੇਗਾ। ਦੱਸ ਦਈਏ ਕਿ ਲੋਕ ਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਜਾਣਕਾਰੀ ਦਿੱਤੀ ਗਈ ਕਿ ਮੰਤਰਾਲੇ ਨੇ ਚੰਡੀਗੜ੍ਹ ਲਈ 70 ਚਾਰਜਿੰਗ ਸਟੇਸ਼ਨਾਂ ਦੀ ਮਨਜ਼ੂਰੀ ਦਿੱਤੀ ਹੈ, ਜਦੋਂ ਕਿ ਫੇਮ ਇੰਡੀਆ ਸਕੀਮ ਦੇ ਪਹਿਲੇ ਫੇਜ਼ ਤਹਿਤ 48 ਪਹਿਲਾਂ ਹੀ ਇੰਸਟਾਲ ਕੀਤੇ ਜਾ ਚੁੱਕੇ ਹਨ। ਫੇਮ-1 ਤਹਿਤ ਚੰਡੀਗੜ੍ਹ-ਦਿੱਲੀ ਹਾਈਵੇ ਲਈ 22 ਚਾਰਜਿੰਗ ਸਟੇਸ਼ਨ ਮਨਜ਼ੂਰ ਕੀਤੇ ਗਏ ਸਨ, ਜਦੋਂ ਕਿ ਹਾਈਵੇਅ ਦੇ ਨਾਲ ਹੀ 20 ਥਾਵਾਂ ’ਤੇ ਸੋਲਰ ਬੇਸਡ ਚਾਰਜਰ ਵੀ ਲਾਏ ਜਾਣਗੇ।
ਦੱਸਿਆ ਗਿਆ ਕਿ ਚੰਡੀਗੜ੍ਹ-ਦਿੱਲੀ ਹਾਈਵੇਅ ’ਤੇ ਹੁਣ ਤੱਕ 24 ਚਾਰਜਿੰਗ ਸਟੇਸ਼ਨ ਲਾਏ ਜਾ ਚੁੱਕੇ ਹਨ। ਦੱਸ ਦਈਏ ਕਿ ਇਲੈਕਟ੍ਰਿਕ ਵਾਹਨਾਂ ਦੀ ਕੀਮਤ ਪੈਟਰੋਲ ਵਾਹਨਾਂ ਦੇ ਬਰਾਬਰ ਲਿਆਉਣ ਲਈ ਕੇਂਦਰ ਸਰਕਾਰ ਵੱਲੋਂ ਕਈ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਇੰਸੈਂਟਿਵ ਵੀ ਦਿੱਤੇ ਜਾ ਰਹੇ ਹਨ। ਪਹਿਲਾਂ ਨਾਲੋਂ ਇਲੈਕਟ੍ਰਿਕ ਵਾਹਨਾਂ ਦੀ ਕੁੱਝ ਮੰਗ ਵੀ ਵਧੀ ਹੈ। ਯੂ. ਟੀ. ਪ੍ਰਸ਼ਾਸਨ ਨੇ ਸ਼ਹਿਰ ਵਿਚ ਇਲੈਕਟ੍ਰਿਕ ਬੱਸਾਂ ਵੀ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। 15 ਦਸੰਬਰ ਤੱਕ ਪ੍ਰਸ਼ਾਸਨ ਨੂੰ ਸਾਰੀਆਂ 40 ਬੱਸਾਂ ਮਿਲ ਜਾਣਗੀਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੜਕਾਂ ’ਤੇ ਉਤਾਰ ਦਿੱਤਾ ਜਾਵੇਗਾ। ਅਜੇ ਫਿਲਹਾਲ ਕੁੱਝ ਰੂਟਾਂ ’ਤੇ ਹੀ ਬੱਸਾਂ ਚਲਾਈਆਂ ਜਾ ਰਹੀਆਂ ਹਨ। ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ 13 ਨਵੰਬਰ ਨੂੰ 11 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਵਿਖਾਈ ਸੀ। ਕੇਂਦਰ ਨੇ ਸ਼ਹਿਰ ਲਈ ਕੁੱਲ 80 ਬੱਸਾਂ ਦੀ ਮਨਜ਼ੂਰੀ ਦਿੱਤੀ ਸੀ, ਜਿਸ ਕਾਰਨ ਬਾਕੀ 40 ਬੱਸਾਂ ਹਾਇਰ ਕਰਨ ਲਈ ਵੀ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ।