ਕਿਸਾਨਾਂ ਵੱਲੋਂ ਟਰਾਸਫਾਰਮਰ ਚੋਰ ਗਿਰੋਹ ਦੇ 4 ਮੈਂਬਰ ਕਾਰ, ਮੋਟਰਸਾਇਕਲ ਅਤੇ ਮਾਰੂ ਹਥਿਆਰਾਂ ਸਮੇਤ ਕਾਬੂ

Monday, Jan 16, 2023 - 06:20 PM (IST)

ਕਿਸਾਨਾਂ ਵੱਲੋਂ ਟਰਾਸਫਾਰਮਰ ਚੋਰ ਗਿਰੋਹ ਦੇ 4 ਮੈਂਬਰ ਕਾਰ, ਮੋਟਰਸਾਇਕਲ ਅਤੇ ਮਾਰੂ ਹਥਿਆਰਾਂ ਸਮੇਤ ਕਾਬੂ

ਨਿਹਾਲ ਸਿੰਘ ਵਾਲਾ (ਰਣਜੀਤ ਬਾਵਾ) : ਹਲਕੇ ਅੰਦਰ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਟਰਾਂਸਫਾਰਮਰ ਅਤੇ ਮੋਟਰਾਂ ਦੀਆਂ ਕੇਵਲਾਂ ਲਾਹੁਣ ਵਾਲਾ ਚੋਰ ਗਿਰੋਹ ਲੰਘੀ ਰਾਤ ਲੋਕਾਂ ਵੱਲੋਂ ਕਾਰ, ਮੋਟਰਸਾਇਕਲ, ਮਾਰੂ ਹਥਿਆਰਾਂ ਸਮੇਤ ਕਾਬੂ ਕਰਨ ਕਰ ਲਿਆ ਗਿਆ। ਇਸ ਦੌਰਾਨ ਭੜਕੇ ਲੋਕਾਂ ਨੇ ਇਸ ਗਿਰੋਹ ਦੇ ਚਾਰ ਮੈਂਬਰਾਂ ਨੂੰ ਇਕ ਸੈਲਰ ਵਿਚ ਬੰਦੀ ਬਣਾ ਲਿਆ ਅਤੇ 1 ਮੁਲਜ਼ਮ ਭੱਜਣ ਵਿੱਚ ਸਫਲ ਰਿਹਾ। ਇਸ ਮੌਕੇ ਲੋਕਾਂ ਨੇ ਨਿਹਾਲ ਸਿੰਘ ਵਾਲਾ ਦੇ ਇਕ ਤੱਤਕਾਲੀ ਥਾਣੇਦਾਰ ਅਤੇ ਚੋਰਾਂ ਨਾਲ ਰਲੇ ਹੋਣ ਦੇ ਗੰਭੀਰ ਦੋਸ਼ ਲਗਾਉਂਦਿਆਂ ਪੁਲਸ ਪਾਰਟੀ ਨੂੰ ਵੀ ਖਰੀਆਂ-ਖਰੀਆਂ ਸੁਣਾਈਆਂ ਅਤੇ ਪੁਲਸ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਉੱਚ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਇਨਸਾਫ਼ ਦੇਣ ਦਾ ਭਰੋਸਾ ਦੇਣ ਤੋਂ ਬਾਅਦ ਲੋਕਾਂ ਨੇ ਇਸ ਗਿਰੋਹ ਨੂੰ ਪੁਲਸ ਹਵਾਲੇ ਕੀਤਾ। ਜਿਸ ਨੂੰ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਸੀ. ਆਈ. ਏ. ਬਾਘਾ ਪੁਰਾਣਾ ਦੇ ਹਵਾਲੇ ਕਰ ਦਿੱਤਾ। 

ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਨਿਹਾਲ ਸਿੰਘ ਵਾਲਾ ਦੇ ਨੇੜਲੇ ਪਿੰਡ ਪੱਤੋ ਹੀਰਾ ਸਿੰਘ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਵਰਕਰਾਂ ਅਤੇ ਆਮ ਲੋਕਾਂ ਵੱਲੋਂ ਨਿਗਰਾਨੀ ਕਰਦਿਆਂ ਸਵੇਰ ਦੇ 2 ਵਜੇ ਇਕ ਚੋਰ ਗਿਰੋਹ ਦੇ ਪੰਜ ਮੈਂਬਰਾਂ 'ਚੋਂ ਚਾਰ ਨੂੰ ਕਾਬੂ ਕਰਕੇ ਸ਼ੈਲਰ ਦੇ ਇਕ ਕਮਰੇ ’ਚ ਬੰਦੀ ਬਣਾ ਲਿਆ। ਇਸ ਮੌਕੇ ਲੋਕਾਂ ਵੱਲੋਂ ਚੋਰਾਂ ਦੀ ਕੀਤੀ ਗਈ ਕੁੱਟਮਾਰ ਦੌਰਾਨ ਉਕਤ ਚੋਰਾਂ ਨੇ ਇਸ ਮੌਕੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਬੂਟਾ ਸਿੰਘ ਭਾਗੀਕੇ, ਇੰਦਰਮੋਹਨ ਸਿੰਘ ਪੱਤੋ, ਬਲਵੀਰ ਸਿੰਘ ਪੱਤੋ, ਗੁਰਚਰਨ ਸਿੰਘ, ਗੁਰਮੇਲ ਸਿੰਘ ਸੈਦੋਕੇ ਅਤੇ ਸ਼ੈਲਰ ਦੇ ਮਾਲਕ ਰਣਜੀਤ ਸਿੰਘ ਭਾਗੀਕੇ ਅਤੇ ਜਥੇਦਾਰ ਮੁਖਤਿਆਰ ਸਿੰਘ ਭਾਗੀਕੇ ਆਗੂਆਂ ਕੋਲ ਮੰਨਿਆ ਕਿ ਉਹ ਬੀਤੀ ਰਾਤ ਹੀ ਪਿੰਡ ਸੈਦੋਕੇ ਤੋਂ ਟਰਾਂਸਫ਼ਾਰਮਰ ਚੋਰੀ ਕਰ ਕੇ ਲਿਆ ਰਹੇ ਸਨ ਅਤੇ ਹੁਣ ਇੱਥੇ ਵੀ ਉਹ ਚੋਰੀ ਕਰਨ ਦੀ ਨੀਯਤ ਨਾਲ ਆਏ ਸਨ। ਇਸ ਮੌਕੇ ਉਕਤ ਚੋਰਾਂ ਨੇ ਦੱਸਿਆ ਕਿ ਉਹ ਪਹਿਲਾਂ ਵੀ ਇਲਾਕੇ 'ਚ ਕਈ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਚੁੱਕੇ ਹਨ ਅਤੇ ਚੋਰੀ ਕੀਤਾ ਗਿਆ ਸਮਾਨ ਪਿੰਡ ਮਾੜੀ ਮੁਸਤਫ਼ਾ ਵਿਖੇ ਇੱਕ ਕਬਾੜੀਏ ਨੂੰ ਵੇਚਦੇ ਸਨ।

ਇਸ ਮੌਕੇ ਪੱਤੋ ਹੀਰਾ ਸਿੰਘ ਦੇ ਸ਼ੈਲਰ ਮਾਲਕਾਂ ਜਥੇਦਾਰ ਮੁਖਤਿਆਰ ਸਿੰਘ ਭਾਗੀਕੇ ਅਤੇ ਰਣਜੀਤ ਸਿੰਘ ਨੇ ਦੱਸਿਆ ਕਿ ਸਾਡੇ ਸ਼ੈਲਰ 'ਚੋਂ ਪਹਿਲਾਂ ਵੀ ਕਈ ਵਾਰ ਲੱਖਾਂ ਰੁਪਏ ਦਾ ਸਮਾਨ ਚੋਰੀ ਹੋ ਚੁੱਕਿਆ ਹੈ। ਇਸ ਮੌਕੇ ਉਕਤ ਕਿਸਾਨ ਆਗੂਆਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵੀ ਇਨਾਂ ਹੀ ਚੋਰਾਂ ਨੂੰ ਕਿਸਾਨਾਂ ਵੱਲੋਂ ਕਾਬੂ ਕਰਕੇ ਪੁਲਸ ਪ੍ਰਸ਼ਾਸਨ ਨੂੰ ਸੌਂਪ ਦਿੱਤਾ ਗਿਆ ਸੀ ਪਰ ਪੁਲਸ ਦੀ ਮਿਲੀਭੁਗਤ ਕਾਰਨ ਇਹ ਚੋਰ ਗਿਰੋਹ ਕਾਨੂੰਨ ਦੇ ਪੰਜੇ ਤੋਂ ਬਾਹਰ ਆ ਕੇ ਫਿਰ ਮੁੜ ਲੁੱਟ-ਖੋਹ ਅਤੇ ਚੋਰੀ ਦੀ ਘਟਨਾਵਾਂ ਨੂੰ ਅੰਜਾਮ ਦੇ ਕੇ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੇ ਸਨ। ਜਿਉਂ ਹੀ ਇਸ ਘਟਨਾ ਬਾਰੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੂੰ ਸੂਚਨਾ ਮਿਲੀ ਤਾਂ ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫ਼ਸਰ ਬੇਅੰਤ ਸਿੰਘ ਭੱਟੀ, ਪੁਲਿਸ ਚੌਕੀਂ ਬਿਲਾਸਪੁਰ ਦੇ ਇੰਚਾਰਜ ਜਸਵੰਤ ਸਿੰਘ ਸਰਾਂ ਅਤੇ ਦੀਨਾ ਸਾਹਿਬ ਪੁਲਸ ਚੌਕੀਂ ਦੇ ਇੰਚਾਰਜ ਨੈਬ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਪੱਤੋ ਹੀਰਾ ਸਿੰਘ ਵਿਖੇ ਪੁੱਜੇ। ਇਸ ਮੌਕੇ ਵੱਡੀ ਗਿਣਤੀ ’ਚ ਇੱਕਤਰ ਹੋਏ ਆਸੇ-ਪਾਸੇ ਦੇ ਪਿੰਡਾਂ ਦੇ ਆਮ ਲੋਕਾਂ ਅਤੇ ਕਿਸਾਨਾਂ ਨੇ ਪੁਲਸ ਪ੍ਰਸ਼ਾਸ਼ਨ ਦੀ ਢਿੱਲੀ ਕਾਰਵਾਈ ਵਿਰੁੱਧ ਆਪਣਾ ਰੋਸ ਜ਼ਾਹਿਰ ਕਰਦਿਆਂ ਪੁਲਸ ਪ੍ਰਸ਼ਾਸ਼ਨ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ। ਦੂਸਰੇ ਪਾਸੇ ਇਸ ਮਾਮਲੇ ਸਬੰਧੀ ਜਦੋਂ ਡੀ. ਐਸ. ਪੀ. ਮਨਜੀਤ ਸਿੰਘ ਢੇਸੀ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਇਨਾਂ ਚੋਰ ਗਿਰੋਹਾਂ ਵਿਰੁੱਧ  ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਕੇ ਆਮ ਲੋਕਾਂ ਨੂੰ ਬਣਦਾ ਇਨਸਾਫ਼ ਦਿੱਤਾ ਜਾਵੇਗਾ ਜੋ ਕਿ ਸਾਡਾ ਮੁੱਢਲਾ ਫਰਜ਼ ਹੈ।


author

Gurminder Singh

Content Editor

Related News