ਅੱਗ ''ਚ ਬਲਦੀਆਂ ਸੱਧਰਾਂ ਨੂੰ ਬਚਾਉਣ ਭਾਂਬੜ ''ਚ ਕੁੱਦਿਆ ਕਿਸਾਨ, ਨਾ ਫਸਲ ਬਚੀ ਤੇ ਨਾ ਜ਼ਿੰਦਗੀ (ਤਸਵੀਰਾਂ)

04/20/2017 12:23:31 PM

ਮੋਗਾ (ਗਰੋਵਰ, ਗੋਪੀ) : ਪਿੰਡ ਦਾਰਾਪੁਰ ਵਿਖੇ ਮੰਗਲਵਾਰ ਦੁਪਹਿਰ ਵੇਲੇ ਸ਼ੁਰੂ ਹੋਈ ਅੱਗ ਦੀ ਇਕ ਚੰਗਿਆੜੀ ਤੋਂ ਲੱਗੀ ਅੱਗ ਨੇ ਦੇਖਦੇ ਹੀ ਦੇਖਦੇ ਲਾਗਲੇ ਤਿੰਨ ਪਿੰਡਾਂ ਮਹੇਸ਼ਰੀ , ਕਾਹਨ ਸਿੰਘ ਵਾਲਾ ਅਤੇ ਜੋਗੇਵਾਲਾ ਦੇ ਕਾਫੀ ਕਿਸਾਨਾਂ ਦੀ ਸੈਂਕੜੇ ਏਕੜ ਕਣਕ ਦੀ ਫ਼ਸਲ ਅਤੇ ਤੂੜੀ ਬਣਾਉਣ ਲਈ ਰੱਖੇ ਨਾੜ ਨੂੰ ਸਾੜ ਕੇ ਸੁਆਹ ਕਰ ਦਿੱਤਾ, ਇੱਥੇ ਹੀ ਬੱਸ ਨਹੀਂ ਅੱਗ ਵਿਚ ਬਲਦੀਆਂ ਆਪਣੀਆਂ ਸੱਧਰਾਂ ਨੂੰ ਬਚਾਉਣ ਲਈ ਆਪਣੇ ਟਰੈਕਟਰ ਨਾਲ ਅੱਗ ਬੁਝਾਉਣ ਦਾ ਯਤਨ ਕਰਦਾ ਹੋਇਆ ਇਕ ਕਿਸਾਨ ਹਰਬੰਸ ਸਿੰਘ (70) ਵਾਸੀ ਕਾਹਨ ਸਿੰਘ ਵਾਲਾ ਵੀ ਮੌਤ ਦੇ ਮੂੰਹ ਚਲਾ ਗਿਆ।
''ਜਗ ਬਾਣੀ'' ਨੂੰ ਪ੍ਰਾਪਤ ਹੋਏ ਮੁੱਢਲੇ ਵੇਰਵਿਆਂ ''ਚ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਇਹ ਅੱਗ ਇਕ ਤੂੜੀ ਵਾਲੀ ਮਸ਼ੀਨ ਤੋਂ ਲੱਗੀ ਹੈ ਪਰ ਅੱਗ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਲਈ ਪ੍ਰਸ਼ਾਸਨ ਵਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। 6 ਕਿਲੋਮੀਟਰ ਦੂਰ ਤੱਕ ਲੱਗੀ ਇਸ ਅੱਗ ਨੂੰ ਬੁਝਾਉਣ ਲਈ ਇਲਾਕੇ ਦੇ ਕਈ ਪਿੰਡਾਂ ਦੇ ਲੋਕਾਂ ਨੇ ਭਾਰੀ ਮੁਸ਼ੱਕਤ ਕੀਤੀ ਪਰ ਫਿਰ ਵੀ ਹਵਾ ਦੇ ਤੇਜ਼ ਵਹਾਅ ਕਰਕੇ ਅੱਗ ਰੁਕਣ ਤੱਕ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਗਿਆ। ਪਿੰਡ ਮਹੇਸ਼ਰੀ ਸੰਧੂਆਂ ਦੇ ਸਰਪੰਚ ਬਲਜਿੰਦਰ ਸਿੰਘ ਭੋਲਾ ਨੇ ਦੱਸਿਆ ਕਿ ਪਿੰਡ ਦੇ ਕਿਸਾਨਾਂ ਦੀ 7-8 ਏਕੜ ਕਣਕ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ ਸਭ ਤੋਂ ਵੱਧ ਨੁਕਸਾਨ ਪਿੰਡ ਜੋਗੇਵਾਲਾ ਦੇ ਕਿਸਾਨਾਂ ਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਆਰਥਿਕ ਤੰਗੀ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਇਸ ਵਾਰ ਇਹ ਆਸ ਸੀ ਕਿ ਕਣਕ ਦਾ ਨਿਕਲ ਰਿਹਾ ਚੰਗਾ ਝਾੜ ਕਿਸਾਨਾਂ ਦੇ ''ਵਾਰੇ-ਨਿਆਰੇ'' ਕਰ ਦੇਵੇਗਾ ਪਰ ਇਸ ਕੁਦਰਤੀ ਮਾਰ ਨੇ ਸਾਡੇ ਇਲਾਕੇ ਦੇ ਕਿਸਾਨਾਂ ਦੀਆਂ ਸੱਧਰਾਂ ''ਤੇ ਪਾਣੀ ਫੇਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿਸਾਨਾਂ ਨੂੰ ਫ਼ਸਲ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ। ਪਿੰਡ ਕਾਹਨ ਸਿੰਘ ਵਾਲਾ ਦੇ ਸਰਪੰਚ ਤੇਜਿੰਦਰ ਸਿੰਘ ਸੇਬੀ ਨੇ ਦੱਸਿਆ ਕਿ ਪਿੰਡ ਦੇ ਕਿਸਾਨ ਹਰਬੰਸ ਸਿੰਘ ਦੀ ਅੱਗ ਬੁਝਾਉਂਦੇ ਸਮੇਂ ਮੌਤ ਦੇ ਪੀੜਤ ਵਾਰਸਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਡੀ. ਐੱਸ. ਪੀ. ਅਜੈ ਰਾਜ ਸਿੰਘ, ਸਰਪੰਚ ਅਗਰੇਜ਼ ਸਿੰਘ ਦੌਲਤਪੁਰਾ, ਸੀਰਾ, ਕੇਵਲ ਸਿੰਘ ਢਿੱਲੋਂ, ਐੱਸ. ਐੱਚ. ਓ. ਰਵਿੰਦਰ ਸਿੰਘ ਆਦਿ ਨੇ ਅੱਗ ਬੁਝਾਉਣ ਲਈ ਭਾਰੀ ਮੁਸ਼ੱਕਤ ਕੀਤੀ।
ਪ੍ਰਸ਼ਾਸਨ ਵਲੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ ਮੁਆਵਜ਼ੇ ਦਾ ਕੇਸ ਪੰਜਾਬ ਸਰਕਾਰ ਨੂੰ ਭੇਜਿਆ
ਘਟਨਾ ਸਥਾਨ ਦੌਰਾਨ ਮੌਕੇ ''ਤੇ ਪੁੱਜੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਹਰਬੰਸ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਮਾਲੀ ਸਹਾਇਤਾ ਲਈ ਕੇਸ ਪੰਜਾਬ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ ਤਾਂ ਜੋ ਕਿਸਾਨ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਹੋ ਸਕੇ।
ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਮਿਲੇ 25 ਲੱਖ ਰੁਪਏ ਦਾ ਮੁਆਵਜ਼ਾ ਤੇ ਵਾਰਸਾਂ ਨੂੰ ਨੌਕਰੀ
ਇਸੇ ਦੌਰਾਨ ਮੌਕੇ ''ਤੇ ਪੁੱਜੇ ''ਆਪ'' ਦੇ ਆਗੂ ਐਡਵੋਕੇਟ ਰਮੇਸ਼ ਗਰੋਵਰ ਨੇ ਕਿਹਾ ਕਿ ਪੰਜਾਬ ਸਰਕਾਰ ਪ੍ਰਤੀ ਏਕੜ ਜ਼ਮੀਨ ਦੇ ਠੇਕੇ ਦੇ ਹਿਸਾਬ ਨਾਲ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਤਰੁੰਤ ਦੇਣ ਦੇ ਨਾਲ–ਨਾਲ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 25 ਲੱਖ ਰੁਪਏ ਦੀ ਮਾਲੀ ਸਹਾਇਤਾ ਅਤੇ ਪੀੜਤ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਵੀ ਦੇਵੇ।
ਹਲਕਾ ਵਿਧਾਇਕ ਵਲੋਂ ਕਿਸਾਨ ਦੀ ਮੌਤ ''ਤੇ ਦੁੱਖ ਦਾ ਪ੍ਰਗਟਾਵਾ
ਵਿਧਾਨ ਸਭਾ ਹਲਕਾ ਦੇ ਵਿਧਾਇਕ ਡਾ. ਹਰਜੋਤਕਮਲ ਸਿੰਘ ਨੇ ਹਲਕੇ ਦੇ ਪਿੰਡ ਕਾਹਨ ਸਿੰਘ ਵਾਲਾ ਵਿਖੇ ਅੱਗ ''ਚ ਝੁਲਸੇ ਕਿਸਾਨ ਹਰਬੰਸ ਸਿੰਘ ਦੀ ਮੌਤ ''ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੀੜਤ ਕਿਸਾਨਾਂ ਦੀ ਸਰਕਾਰ ਤੋਂ ਹਰ ਸੰਭਵ ਮਦਦ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਲਈ ਜਲਦੀ ਹੀ ਇਸ ਮਾਮਲੇ ''ਤੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਜਾਵੇਗੀ।

Babita Marhas

News Editor

Related News