''''ਬਾਪੂ ਦੇ ਕਰਜ਼ ਦਾ ਸੂਦ ਨੇ, ਪੁੱਤ ਜੰਮਦੇ ਜਿਹੜੇ, ਫਸਲਾਂ ਨੇ ਛੱਡ ਜਾਂਦੀਆਂ ਅਰਮਾਨ ਤ੍ਰੇੜੇ''''

Sunday, Apr 22, 2018 - 04:57 AM (IST)

''''ਬਾਪੂ ਦੇ ਕਰਜ਼ ਦਾ ਸੂਦ ਨੇ, ਪੁੱਤ ਜੰਮਦੇ ਜਿਹੜੇ, ਫਸਲਾਂ ਨੇ ਛੱਡ ਜਾਂਦੀਆਂ ਅਰਮਾਨ ਤ੍ਰੇੜੇ''''

ਜੋਧਾਂ(ਡਾ. ਪ੍ਰਦੀਪ)-ਦੇਸ਼ ਦਾ ਖੁਸ਼ਹਾਲ ਸੂਬਾ ਪੰਜਾਬ ਜਿਹੜਾ ਕਿ ਦੇਸ਼ ਦੇ ਅੰਨ ਭੰਡਾਰ ਵਿਚ ਹੋਰਨਾਂ ਸੂਬਿਆਂ ਦੇ ਮੁਕਾਬਲੇ ਅੱਧੇ ਤੋਂ ਵੱਧ ਆਪਣਾ ਹਿੱਸੇ ਪਾਉਂਦਾ ਹੈ। ਇਸ ਖੁਸ਼ਹਾਲ ਸੂਬੇ ਦੇ ਆਮ ਕਿਸਾਨ ਦੀ ਆਰਥਿਕ ਹਾਲਤ ਐਨੀ ਨਿੱਘਰ ਚੁੱਕੀ ਹੈ ਕਿ ਉਹ ਆਰਥਿਕ ਮੰਦਹਾਲੀਆਂ, ਤੰਗੀਆਂ ਤੁਰਸ਼ੀਆਂ ਦੀ ਮਾਰ ਹੇਠ ਆਇਆ ਤੇ ਕਰਜ਼ੇ ਦੇ ਬੋਝ ਥੱਲੇ ਦੱਬਿਆ ਹਰ ਰੋਜ਼ ਖੁਦਕੁਸ਼ੀਆਂ ਕਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਰਿਹਾ ਹੈ। ਖੇਤੀ ਦੇ ਲਾਗਤ ਖਰਚੇ ਵਧਣ ਕਾਰਨ, ਕਿਸਾਨਾਂ ਦੀਆਂ ਫਸਲਾਂ ਦੇ ਲਾਹੇਵੰਦ ਭਾਅ ਨਾ ਮਿਲਣ ਕਾਰਨ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਜਿਹੜੀ ਕਿ ਕਿਸਾਨਾਂ ਦੇ ਹਿੱਤਾਂ ਦੀ ਸਹੀ ਤਰਜ਼ਮਾਨੀ ਕਰਦੀ ਹੈ, ਉਸ ਦਾ ਸਮੇਂ ਦੇ ਹਾਕਮਾਂ ਵੱਲੋਂ ਲਾਗੂ ਨਾ ਕਰਨਾ ਕਿਸਾਨਾ ਦੇ ਜ਼ਖਮਾਂ 'ਤੇ ਲੂਣ ਛਿੜਕਣ ਵਾਲੀ ਗੱਲ ਹੈ। ਪੰਜਾਬ ਵਿਚ ਹਰ ਸਾਲ ਹਜ਼ਾਰਾਂ ਏਕੜ ਕਣਕ ਅੱਗ ਦੀ ਭੇਟ ਚੜ੍ਹਦੀ ਹੈ ਜਿਸ ਦਾ ਜ਼ਿਆਦਾ ਕਾਰਨ ਬਿਜਲੀ ਦੇ ਨਾਕਸ ਪ੍ਰਬੰਧ ਹਨ। ਢਿੱਲੀਆਂ ਤਾਰਾਂ ਟੇਡੇ ਖੰਭੇ, ਮਾੜੇ ਟ੍ਰਾਂਸਫਾਰਮਰ ਲੋਕਾਂ ਦੀਆਂ ਮਸ਼ਕਲਾਂ ਵਿਚ ਵਾਧਾ ਕਰ ਰਹੇ ਹਨ। ਪਾਵਰਕਾਮ ਸਮੇਤ ਹੋਰ ਮਹਿਕਮਿਆਂ ਵਿਚ ਨਵੀਂ ਭਰਤੀ ਨਾ ਹੋਣ ਕਾਰਨ ਪ੍ਰਬੰਧ ਹੋਰ ਵੀ ਮਾੜਾ ਹੁੰਦਾ ਜਾ ਰਿਹਾ ਹੈ। ਸੜੀਆਂ ਹੋਈਆਂ ਕਣਕਾਂ ਦਾ ਢੁਕਵਾਂ ਮੁਆਵਜ਼ਾ ਸਹੀ ਸਮੇਂ 'ਤੇ ਨਾ ਮਿਲਣਾ ਵੀ ਸਾਡੇ ਦੇਸ਼ ਦੀਆਂ ਸਰਕਾਰਾਂ ਦੀ ਨਕਾਮੀ ਹੈ। ਆਏ ਦਿਨ ਹੋ ਰਹੀਆਂ ਖੁਦਕੁਸ਼ੀਆਂ ਬਾਰੇ ਜਦੋਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਰਘਬੀਰ ਸਿੰਘ ਬੈਨੀਪਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਆਪਣੇ ਮੰਤਰੀਆਂ ਦਾ ਵਜ਼ਾਰਤ ਤੇ ਉਨ੍ਹਾਂ ਦੀਆਂ ਤਨਖਾਹਾਂ ਤੇ ਭੱਤਿਆਂ ਵਿਚ ਅਥਾਹ ਵਾਧਾ ਕਰ ਸਕਦੀ ਹੈ ਪਰ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੀਆਂ ਸਹੂਲਤਾਂ ਵਿਚ ਨਹੀਂ। ਇਹੀ ਕਾਰਨ ਹੈ ਕਿ ਸਰਕਾਰਾਂ ਦੀਆਂ ਨੀਤੀਆਂ ਦੀ ਮਾਰ ਹੇਠ ਆਏ ਕਿਸਾਨਾਂ-ਮਜ਼ਦੂਰਾਂ ਤੇ ਨੌਜਵਾਨ ਖੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਕਿਸਾਨਾਂ-ਮਜ਼ਦੂਰਾਂ ਨੂੰ ਨਾਅਰਾ ਦਿੱਤਾ ਕਿ 'ਖੁਦਕੁਸ਼ੀਆਂ ਦਾ ਰਾਹ ਛੱਡੋ, ਸੰਘਰਸ਼ਾਂ ਦੇ ਝੰਡੇ ਗੱਡੋ', ਉੱਥੇ ਹੀ ਲੋਕ ਕਵੀ ਮਰਹੂਮ ਸੰਤ ਰਾਮ ਉਦਾਸੀ ਦੀਆਂ ਇਹ ਸਤਰਾਂ, ''ਬਾਪੂ ਦੇ ਕਰਜ਼ ਦਾ ਸੂਦ ਨੇ, ਪੁੱਤ ਜੰਮਦੇ ਜਿਹੜੇ, ਇੱਥੇ ਫਸਲਾਂ ਨੇ ਛੱਡ ਜਾਂਦੀਆਂ ਅਰਮਾਨ ਤ੍ਰੇੜੇ'', ਮੌਜੂਦਾ ਹਾਲਾਤ 'ਤੇ ਸਹੀ ਢੁਕ ਰਹੀਆਂ ਹਨ। 


Related News