ਪਾਣੀ ਵਾਲੀ ਮੋਟਰ ਤੋਂ ਕਰੰਟ ਲੱਗਣ ਨਾਲ ਕਿਸਾਨ ਦੀ ਮੌਤ
Thursday, Dec 21, 2017 - 02:37 PM (IST)
ਸਾਦਿਕ (ਪਰਮਜੀਤ) - ਸਾਦਿਕ ਤੋਂ ਥੋੜੀ ਦੂਰ ਪਿੰਡ ਕਾਉਣੀ ਵਿਖੇ ਇਕ ਕਿਸਾਨ ਦੀ ਬਿਜਲੀ ਦਾ ਕਰੰਟ ਲੱਗ ਜਾਣ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬਲਕਰਨ ਸਿੰਘ (38) ਪੁੱਤਰ ਗੁਰਬਚਨ ਸਿੰਘ ਜੱਟ ਵਾਸੀ ਕਾਉਣੀ ਕਣਕ ਦੀ ਫਸਲ ਨੂੰ ਪਾਣੀ ਲਗਾਉਣ ਲਈ ਰਾਤ ਨੂੰ ਆਪਣੇ ਖੇਤ ਮੋਟਰ ਚਲਾਉਣ ਲਈ ਗਿਆ। ਜਦ ਕਾਫੀ ਦੇਰ ਵਾਪਸ ਨਾ ਆਇਆ ਤਾਂ ਉਸ ਦੀ ਪਤਨੀ ਦਵਿੰਦਰ ਕੌਰ ਆਪਣੇ ਜੇਠ ਕਰਮ ਸਿੰਘ ਤੇ ਚਾਚਾ ਸਹੁਰਾ ਭੁਪਿੰਦਰ ਸਿੰਘ ਨੂੰ ਨਾਲ ਲੈ ਕੇ ਖੇਤ ਮੋਟਰ 'ਤੇ ਗਈ ਤਾਂ ਬਲਕਰਨ ਸਿੰਘ ਮੋਟਰ ਕੋਲ ਡਿੱਗਿਆ ਪਿਆ ਸੀ ਤੇ ਮੋਟਰ ਦਾ ਇਕ ਬਿਜਲੀ ਵਾਲਾ ਗਰਿੱਪ ਬਾਹਰ ਡਿੱਗਾ ਸੀ ਪਰ ਮੋਟਰ ਬੰਦ ਸੀ। ਮੌਕੇ 'ਤੇ ਪਹੁੰਚੀ ਪੁਲਸ ਨੂੰ ਮ੍ਰਿਤਕ ਕਿਸਾਨ ਦੀ ਪਤਨੀ ਨੇ ਕਿਹਾ ਕਿ ਸ਼ਾਇਦ ਮੋਟਰ ਚਲਾਉਣ ਸਮੇਂ ਜਾਂ ਮੋਟਰ ਦੇ ਗਰਿੱਪ ਦਾ ਫਿਊਜ਼ ਲਗਾਉਂਦੇ ਸਮੇਂ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਇਸ ਵਿਚ ਕਿਸੇ ਦਾ ਕੋਈ ਕਸੂਰ ਨਹੀਂ। ਘਟਨਾ ਵਾਲੇ ਸਥਾਨ 'ਤੇ ਹੌਲਦਾਰ ਬੇਅੰਤ ਸਿੰਘ ਸੰਧੂ, ਏ. ਐਸ. ਆਈ. ਕੁਲਦੀਪ ਸਿੰਘ ਕੋਕਰੀ ਪੁਲਸ ਪਾਰਟੀ ਨਾਲ ਆਏ ਹੋਏ ਸਨ। ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਾਉਣ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀ। ਥਾਣਾ ਸਾਦਿਕ ਵਿਖੇ 174 ਸੀ. ਆਰ. ਪੀ. ੀ ਤਹਿਤ ਕਰਵਾਈ ਅਮਲ ਵਿਚ ਲਿਆਂਦੀ ਗਈ ।
