ਕਿਸਾਨ ਸਟੋਰ ਕੀਤੇ ਆਲੂ ਚੁੱਕਣ ਤੋਂ ਮੂੰਹ ਫੇਰਨ ਲੱਗੇ
Saturday, Jul 22, 2017 - 07:45 AM (IST)
ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਆਲੂਆਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਫਸਲ ਦੇ ਭਾਅ 'ਚ ਭਾਰੀ ਗਿਰਾਵਟ ਕਾਰਨ ਹੋਰ ਆਰਥਿਕ ਬੋਝ ਹੇਠਾਂ ਦੱਬਦੇ ਜਾ ਰਹੇ ਹਨ ਤੇ ਹੁਣ ਜਿਨ੍ਹਾਂ ਕਿਸਾਨਾਂ ਨੇ ਆਲੂਆਂ ਦੇ ਭਾਅ ਵਧਣ ਦੀ ਤਾਕ 'ਚ ਆਪਣੀ ਫਸਲ ਨੂੰ ਕੋਲਡ ਸਟੋਰ 'ਚ ਰੱਖਿਆ ਹੋਇਆ ਸੀ, ਨੇ ਵੀ ਹੁਣ ਆਪਣੀ ਇਹ ਫਸਲ ਦਾ ਬਣਦਾ ਕਿਰਾਇਆ ਦੇਣ ਦੀ ਬਜਾਏ ਸਟੋਰਾਂ 'ਚੋਂ ਆਲੂ ਚੁੱਕਣ ਤੋਂ ਮੂੰਹ ਫੇਰ ਲਿਆ ਹੈ, ਜਿਸ ਨਾਲ ਕਿਸਾਨਾਂ ਦੇ ਨਾਲ-ਨਾਲ ਕੋਲਡ ਸਟੋਰ ਮਾਲਕਾਂ ਨੂੰ ਵੀ ਆਰਥਿਕ ਰਗੜਾ ਲਗ ਸਕਦਾ ਹੈ।
ਜਾਣਕਾਰੀ ਅਨੁਸਾਰ ਇਲਾਕੇ 'ਚ ਪੈਂਦੇ ਕੁਝ ਕੋਲਡ ਸਟੋਰ ਮਾਲਕ ਪਵਨ ਕੁਮਾਰ ਤੇ ਹੋਰਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਸਮੇਂ ਵਿਚ ਆਏ ਮੰਦੇ ਕਾਰਨ ਜ਼ਿਮੀਂਦਾਰ ਵਲੋਂ ਬੀਜ ਵਾਲੇ ਆਲੂਆਂ ਦੇ ਨਾਲ-ਨਾਲ ਮਾਰਕੀਟ 'ਚ ਵੇਚੇ ਜਾਣ ਵਾਲੇ ਆਲੂ ਵੀ ਉਨ੍ਹਾਂ ਦੇ ਕੋਲਡ ਸਟੋਰਾਂ 'ਚ ਜਮ੍ਹਾ ਕਰ ਦਿੱਤੇ ਗਏ ਸਨ, ਤਾਂ ਕਿ ਮੰਦੇ ਦਾ ਦੌਰ ਗੁਜ਼ਰਨ ਤੋਂ ਬਾਅਦ ਉਹ ਆਪਣੇ ਆਲੂ ਸਟੋਰਾਂ 'ਚੋਂ ਕੱਢ ਕੇ ਮੰਡੀ ਵਿਚ ਮਹਿੰਗੇ ਭਾਅ 'ਤੇ ਵੇਚਣਗੇ ਪਰ ਪਿਛਲੇ 5-6 ਮਹੀਨਿਆਂ 'ਚ ਆਲੂਆਂ ਦੇ ਭਾਅ 'ਚ ਕੋਈ ਵਾਧਾ ਨਹੀਂ ਹੋਇਆ ਜਿਸ ਕਾਰਨ ਹੁਣ ਜ਼ਿਮੀਂਦਾਰਾਂ ਨੂੰ ਆਪਣੇ ਸਟੋਰਾਂ 'ਚ ਪਏ ਆਲੂਆਂ ਦਾ ਕਿਰਾਇਆ ਦੇਣਾ ਵੀ ਔਖਾ ਲੱਗ ਰਿਹਾ ਹੈ ਤੇ ਉਹ ਸਟੋਰ ਮਾਲਕਾਂ ਨੂੰ ਇਹ ਕਹਿ ਕੇ ਆਪਣੀਆਂ ਪਰਚੀਆਂ ਮੋੜ ਰਹੇ ਹਨ ਕਿ ਸਟੋਰ ਮਾਲਕ ਉਨ੍ਹਾਂ ਦੇ ਕਿਰਾਏ ਬਦਲੇ ਆਲੂ ਹੀ ਰੱਖ ਲੈਣ ਤੇ ਆਪਣੀ ਮਨਮਰਜ਼ੀ ਨਾਲ ਵੇਚ ਕੇ ਆਪਣਾ ਕਿਰਾਇਆ ਪੂਰਾ ਕਰ ਲੈਣ, ਜਦਕਿ ਦੂਸਰੇ ਪਾਸੇ ਸਟੋਰ ਮਾਲਕਾਂ ਦਾ ਕਹਿਣਾ ਹੈ ਕਿ ਪੂਰੇ ਸੀਜ਼ਨ ਦਾ ਆਲੂਆਂ ਦੀ ਪ੍ਰਤੀ ਬੋਰੀ ਦਾ ਕਿਰਾਇਆ 100 ਰੁਪਏ ਹੁੰਦਾ ਹੈ, ਜਦਕਿ ਅੱਜਕਲ ਆਲੂਆਂ ਦੀ ਬੋਰੀ 80-100 ਰੁਪਏ ਵਿਕ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਟੋਰਾਂ 'ਚੋਂ ਆਲੂ ਕੱਢਣ, ਉਨ੍ਹਾਂ ਦੀ ਛਾਂਟੀ ਕਰਨ ਅਤੇ ਬਾਜ਼ਾਰ 'ਚ ਲਿਜਾ ਕੇ ਵੇਚਣ ਦਾ ਜੇਕਰ ਖਰਚ ਪਾਇਆ ਜਾਵੇ ਤਾਂ ਉਨ੍ਹਾਂ ਨੂੰ ਕੁਝ ਨਹੀਂ ਬਚੇਗਾ ਸਗੋਂ ਆਪਣੇ ਪੱਲਿਓਂ ਵਾਧੂ ਪੈਸੇ ਦੇਣੇ ਪੈਣਗੇ। ਸਟੋਰ ਮਾਲਕਾਂ ਦਾ ਕਹਿਣਾ ਹੈ ਕਿ ਬੀਜ ਵਾਲੇ ਆਲੂ ਤਾਂ ਜ਼ਿਮੀਂਦਾਰ ਹਰੇਕ ਸਾਲ ਅਕਤੂਬਰ ਮਹੀਨੇ 'ਚ ਹੀ ਚੁੱਕਦੇ ਹਨ, ਜਦਕਿ ਮਾਰਕੀਟ ਵਾਲੇ ਆਲੂ ਉਨ੍ਹਾਂ ਨੂੰ ਪਹਿਲਾਂ ਹੀ ਚੁੱਕਣੇ ਪੈਣਗੇ। ਇਨ੍ਹਾਂ ਸਟੋਰ ਮਾਲਕਾਂ ਨੇ ਇਹ ਵੀ ਦੱਸਿਆ ਕਿ ਮੌਸਮ ਦੇ ਬਦਲਾਅ ਕਾਰਨ ਆਲੂ ਖਾਸ ਕਰਕੇ ਪੁਖਰਾਜ ਕਿਸਮ ਦੇ ਆਲੂ ਜਲਦ ਹੀ ਖਰਾਬ ਹੋਣ ਲਗ ਜਾਂਦੇ ਹਨ, ਜਿਨ੍ਹਾਂ ਨੂੰ ਜ਼ਿਆਦਾ ਦੇਰ ਤਕ ਸਟੋਰ ਵਿਚ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਇਹ ਦੂਸਰੇ ਰੱਖੇ ਆਲੂਆਂ ਤੇ ਹੋਰ ਸਬਜ਼ੀਆਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ।
ਮੱਧ ਪ੍ਰਦੇਸ਼ ਦੀ ਤਰ੍ਹਾਂ ਪੰਜਾਬ ਸਰਕਾਰ ਵੀ ਆਲੂਆਂ ਦੀ ਫਸਲ ਖਰੀਦੇ : ਕਿਸਾਨ
ਆਲੂਆਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਜਤਿੰਦਰ ਸਿੰਘ ਨਾਗਰਾ, ਪਰਮਿੰਦਰ ਸਿੰਘ ਗਿੱਲ, ਕੁਲਜੀਤ ਸਿੰਘ ਮਾਂਗਟ, ਜਗਦੀਪ ਸਿੰਘ ਗਿੱਲ, ਸਵਰਨ ਗਿੱਲ, ਜਗਜੀਤ ਸਿੰਘ ਗਿੱਲ, ਲਖਵਿੰਦਰ ਸਿੰਘ ਸਹਿਜੋ ਮਾਜਰਾ, ਹਰਪ੍ਰੀਤ ਸਿੰਘ ਸਹਿਜੋ ਮਾਜਰਾ, ਗੁਲਜਿੰਦਰ ਸਿੰਘ, ਗੁਰਵੀਰ ਸਿੰਘ ਗੁਰੋਂ, ਬਲਵੀਰ ਸਿੰਘ ਪਵਾਤ ਤੇ ਭੁਪਿੰਦਰ ਸਿੰਘ ਅਢਿਆਣਾ ਆਦਿ ਦਾ ਕਹਿਣਾ ਹੈ ਕਿ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਕਿਸਾਨਾਂ ਦੀ ਇਹ ਦੁਰਦਸ਼ਾ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਮੱਧ ਪ੍ਰਦੇਸ਼ ਸਰਕਾਰ ਵਲੋਂ ਆਪਣੇ ਕਿਸਾਨਾਂ ਦੀ ਮਦਦ ਲਈ ਉਥੋਂ ਦੇ ਜ਼ਿਮੀਂਦਾਰਾਂ ਤੋਂ 8 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਿਆਜ਼ ਖਰੀਦ ਕੇ ਅੱਗੇ ਸਰਕਾਰ ਨੇ 3 ਰੁਪਏ ਕਿਲੋ ਦੇ ਹਿਸਾਬ ਨਾਲ ਬਾਹਰਲੀਆਂ ਸਟੇਟਾਂ ਨੂੰ ਵੇਚ ਦਿੱਤਾ। ਇਸ ਤਰ੍ਹਾਂ ਆਪਣੇ ਜ਼ਿਮੀਂਦਾਰਾਂ ਨੂੰ ਬਚਾਉਣ ਲਈ 5 ਰੁਪਏ ਪ੍ਰਤੀ ਕਿਲੋ ਘਾਟਾ ਪਾਇਆ ਹੈ। ਉਨ੍ਹਾਂ ਦੱਸਿਆ ਕਿ ਹੁਣ ਉਥੋਂ ਦੀ ਸਰਕਾਰ ਆਪਣੇ ਜ਼ਿਮੀਂਦਾਰਾਂ ਨੂੰ ਆਲੂਆਂ ਵਿਚ ਵੀ 50 ਰੁਪਏ ਪ੍ਰਤੀ ਬੋਰੀ ਦੀ ਮਦਦ ਕਰਨ ਜਾ ਰਹੀ ਹੈ।
ਇਨ੍ਹਾਂ ਜ਼ਿਮੀਂਦਾਰਾਂ ਨੇ ਦੱਸਿਆ ਕਿ ਪਿਛਲੀ ਬਾਦਲ ਸਰਕਾਰ ਨੇ ਕਿਸਾਨਾਂ ਨੂੰ 5 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਆਲੂ ਚੁੱਕਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਬਦਲਣ ਕਾਰਨ ਇਹ ਵਾਅਦਾ ਧਰਿਆ-ਧਰਾਇਆ ਰਹਿ ਗਿਆ। ਜ਼ਿਮੀਂਦਾਰਾਂ ਦਾ ਕਹਿਣਾ ਹੈ ਕਿ ਭਾਵੇਂ ਸਰਕਾਰ ਬਦਲ ਚੁੱਕੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਬਚਾਓ ਲਈ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਉਨ੍ਹਾਂ ਦੀ ਬਾਂਹ ਫੜਨ। ਇਨ੍ਹਾਂ ਕਿਸਾਨਾਂ ਦੇ ਕੋਲਡ ਸਟੋਰਾਂ 'ਚੋਂ ਆਲੂ ਨਾ ਚੁੱਕਣ ਦੇ ਇਰਾਦੇ ਬਾਰੇ ਉਨ੍ਹਾਂ ਕਿਹਾ ਕਿ ਮਾਰਕੀਟ ਵਿਚ ਆਲੂਆਂ ਦਾ ਭਾਅ ਕਰੀਬ 100 ਰੁਪਏ ਕੁਇੰਟਲ ਹੈ, ਜਦਕਿ ਸਟੋਰਾਂ ਦਾ ਕਿਰਾਇਆ ਹੀ 100 ਰੁਪਏ ਪ੍ਰਤੀ ਬੋਰੀ ਹੈ। ਉਨ੍ਹਾਂ ਨੂੰ ਸਟੋਰ ਤੋਂ ਮਾਰਕੀਟ ਤਕ ਆਲੂ ਲਿਜਾਣ ਲਈ ਵਾਧੂ ਖਰਚਾ ਹੋਰ ਪਾਉਣਾ ਪਵੇਗਾ, ਇਸ ਨਾਲੋਂ ਤਾਂ ਬਿਹਤਰ ਹੈ ਕਿ ਉਹ ਆਪਣੇ ਆਲੂ ਸਟੋਰਾਂ ਮਾਲਕਾਂ ਦੇ ਹਵਾਲੇ ਹੀ ਕਰ ਦੇਣ।
