ਦਾਲਾਂ ਅਤੇ ਤੇਲ ਬੀਜ ਫ਼ਸਲਾਂ ਸੰਬੰਧੀ ਖੇਤ ਦਿਵਸ ਮਨਾਇਆ ਗਿਆ
Thursday, Mar 28, 2019 - 04:42 PM (IST)

ਲੁਧਿਆਣਾ-ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀ.ਏ.ਯੂ) ਦੇ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਚਲਾਏ ਜਾ ਰਹੇ ਫਾਰਮਰ ਫਸਟ ਪ੍ਰੋਗਰਾਮ ਅਧੀਨ ਸੰਗਰੂਰ ਜ਼ਿਲੇ ਦੇ ਪਿੰਡ ਤਰੰਜੀ ਖੇੜਾ 'ਚ ਤੇਲ ਬੀਜ ਫ਼ਸਲਾਂ ਅਤੇ ਦਾਲਾਂ ਬਾਰੇ ਇੱਕ ਖੇਤ ਦਿਵਸ ਲਗਾਇਆ ਗਿਆ ਹੈ। ਇਸ ਪ੍ਰੋਜੈਕਟ ਦੇ ਮੁੱਖ ਨਿਗਰਾਨ ਡਾ. ਪ੍ਰਭਜੋਤ ਕੌਰ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਉਹਨਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਇਸ ਪ੍ਰੋਜੈਕਟ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ 6 ਵੱਖ-ਵੱਖ ਤਰੀਕਿਆਂ ਨਾਲ ਅਪਣਾਏ ਗਏ ਦੋ ਪਿੰਡਾਂ 'ਚ ਗਤੀਵਿਧੀ ਕੀਤੀ ਜਾਂਦੀ ਹੈ। ਹੁਣ ਤੱਕ ਅਪਣਾਏ ਗਏ ਦੋਵੇਂ ਪਿੰਡ ਤਰੰਜੀ ਖੇੜਾ ਅਤੇ ਚੱਠਾ ਨਨਹੇੜਾ 'ਚ ਗੋਭੀ ਸਰੋਂ ਅਤੇ ਕਾਬਲੀ ਚਣੇ ਦੀਆਂ 100 ਪ੍ਰਦਰਸ਼ਨੀਆਂ ਲਗਾਈਆਂ ਜਾ ਚੁੱਕੀਆਂ ਹਨ।
ਸਹਾਇਕ ਪ੍ਰੋਫੈਸਰ ਡਾ. ਰਣਜੀਤ ਸਿੰਘ ਨੇ ਗਰਮੀ ਦੀ ਰੁੱਤ ਦੌਰਾਨ ਪਸ਼ੂਆਂ ਦੀ ਸਾਂਭ-ਸੰਭਾਲ ਬਾਰੇ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ। ਸਬਜ਼ੀ ਕਿਸਮ ਸੁਧਾਰਕ ਡਾ. ਦਿਲਬਾਗ ਸਿੰਘ ਨੇ ਗਰਮੀ ਰੁੱਤ ਦੀਆਂ ਪ੍ਰਮੁੱਖ ਸਬਜ਼ੀਆਂ ਦੀ ਕਾਸ਼ਤ ਅਤੇ ਬਿਹਤਰ ਝਾੜ ਲੈਣ ਲਈ ਕਿਸਾਨਾਂ ਨੂੰ ਪ੍ਰਮੁੱਖ ਸਿਫ਼ਾਰਸ਼ਾਂ ਨਾਲ ਜਾਣੂੰ ਕਰਵਾਇਆ। ਸੀਨੀਅਰ ਖੋਜ ਇੰਜਨੀਅਰ ਡਾ. ਤਰਸੇਮ ਚੰਦ ਨੇ ਹਲਦੀ, ਕਣਕ, ਦਾਲਾਂ ਅਤੇ ਸਰੋਂ ਦੀ ਪ੍ਰੋਸੈਸਿੰਗ ਕਰਕੇ ਵਧੇਰੇ ਮੁਨਾਫ਼ਾ ਕਮਾਉਣ ਦੀ ਤਕਨੀਕ ਕਿਸਾਨਾਂ ਨਾਲ ਸਾਂਝੀ ਕੀਤੀ ।
ਡਾ. ਪੰਕਜ ਕੁਮਾਰ ਨੇ ਕੁਦਰਤੀ ਸਰੋਤਾਂ ਦੇ ਮਹੱਤਵ ਤੋਂ ਜਾਣੂੰ ਕਰਵਾਉਦਿਆਂ ਇਹਨਾਂ ਦੀ ਸਾਂਭ-ਸੰਭਾਲ ਦੇ ਨੁਕਤੇ ਆਪਣੇ ਭਾਸ਼ਣ 'ਚ ਪੇਸ਼ ਕੀਤੇ । 200 ਦੇ ਕਰੀਬ ਕਿਸਾਨਾਂ ਨੇ ਇਸ ਕੈਂਪ 'ਚ ਭਾਗ ਲੈ ਕੇ ਦਾਲਾਂ ਅਤੇ ਤੇਲਬੀਜ ਫ਼ਸਲਾਂ ਦੀ ਸਿਖਲਾਈ ਹਾਸਲ ਕੀਤੀ ।