ਪੰਥਕ ਮੋਰਚੇ ਨੇ ਹੀ ਲਾਹਿਆ ਬਾਦਲਾਂ ਦਾ ਮਖੌਟਾ : ਦਾਦੂਵਾਲ (ਵੀਡੀਓ)

Tuesday, Nov 20, 2018 - 05:49 PM (IST)

ਫਰੀਦਕੋਟ (ਜਗਤਾਰ) - ਬਲਜੀਤ ਸਿੰਘ ਦਾਦੂਵਾਲ ਨੇ ਸੁਖਬੀਰ ਬਾਦਲ 'ਤੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਬੇਅਦਬੀ ਅਤੇ ਬਹਿਬਲ ਕਾਂਡ ਦੇ ਪਿੱਛੇ ਬਾਦਲਾਂ ਦਾ ਹੱਥ ਹੈ, ਜੋ ਸਾਫ ਨਜ਼ਰ ਆ ਰਿਹਾ ਹੈ। ਇਨਸਾਫ ਮੋਰਚੇ ਨੇ ਉਸ ਦਾ ਪੰਥਕ ਮਖੌਟਾ ਉਤਾਰ ਦਿੱਤਾ ਹੈ ਅਤੇ ਉਨ੍ਹਾਂ ਦੀ ਸਿਆਸੀ ਜ਼ਮੀਨ ਉਨ੍ਹਾਂ ਦੇ ਪੈਰਾਂ ਹੇਠੋਂ ਖਿਸਕਾ ਦਿੱਤੀ ਹੈ। ਇਸੇ ਲਈ ਉਹ ਸਾਡੇ ਤੋਂ ਇਲਾਵਾ ਕਿਸੇ ਹੋਰ 'ਤੇ ਦੋਸ਼ ਨਹੀਂ ਲਗਾ ਸਕਦੇ। ਉਹ ਸਾਡੇ 'ਤੇ ਗਲਤ ਬਿਆਨਬਾਜ਼ੀ ਕਰ ਰਹੇ ਹਨ। 

ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਅਕਾਲੀ ਦਲ 'ਚ ਕਰੀਬ 50 ਸਾਲਾਂ ਤੋਂ ਕੰਮ ਕਰਨ ਵਾਲੇ ਉਨ੍ਹਾਂ ਦੇ ਸਾਥੀ ਰਣਜੀਤ ਸਿੰਘ ਬ੍ਰਹਮਪੂਰਾ, ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਅਤੇ ਸੁਖਦੇਵ ਸਿੰਘ ਢੀਂਡਸਾ ਅਸਤੀਫਾ ਦੇ ਚੁੱਕੇ ਹਨ। ਉਨ੍ਹਾਂ ਦੀ ਪੰਥਕ ਸਿਆਸਤ ਦਾ ਭੋਗ ਪੈ ਚੁੱਕਾ ਹੈ। ਪੰਜਾਬ ਦੇ ਲੋਕ ਲਿਫਾਫਿਆਂ 'ਚ ਗੋਹਾ ਪਾ ਕੇ ਉਨ੍ਹਾਂ ਦਾ ਸਵਾਗਤ ਕਰਨ ਲਈ ਖੜ੍ਹੇ ਹਨ ਅਤੇ ਉਹ ਕਾਲੀਆਂ ਝੰਡੀਆਂ ਲੈ ਕੇ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਬਰਗਾੜੀ ਮੋਰਚੇ ਦੀ ਬਦੌਲਤ ਹੋਇਆ ਹੈ। ਦਾਦੂਵਾਲ ਨੇ ਕਿਹਾ ਕਿ ਉਹ ਸ਼ਾਂਤਮਈ ਤਰੀਕੇ ਨਾਲ ਮੋਰਚਾ ਲਗਾ ਕੇ ਇਨਸਾਫ ਦੀ ਮੰਗ ਕਰ ਰਹੇ ਹਨ। ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਜੇਕਰ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਦੇ ਪ੍ਰਬੰਧ ਹੇਠ ਸ਼੍ਰੋਮਣੀ ਕਮੇਟੀ ਸੰਤ ਜਰਨੈਲ ਸਿੰਘ ਦਾ ਦਿਵਸ ਮਨਾ ਰਹੀ ਹੈ ਤਾਂ ਸੁਖਬੀਰ ਸਿੰਘ ਬਾਦਲ ਨੂੰ ਸੰਤ ਜਰਨੈਲ ਸਿੰਘ ਦੇ ਖਿਲਾਫ ਬੋਲਣ ਦਾ ਕੋਈ ਹੱਕ ਨਹੀਂ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸਾਰੀ ਕੌਮ ਸ਼ਹੀਦ ਮੰਨਦੀ ਹੈ ਅਤੇ ਮੈਂ ਵੀ ਉਨ੍ਹਾਂ ਨੂੰ ਸ਼ਹੀਦ ਮੰਨਦਾ ਹਾਂ।


author

rajwinder kaur

Content Editor

Related News