ਬੰਗਾ ਕਤਲਕਾਂਡ: ਪਰਿਵਾਰ ਨੇ ਲਾਸ਼ ਸੜਕ 'ਤੇ ਰੱਖ ਕੀਤਾ ਪ੍ਰਦਰਸ਼ਨ, ਪੁਲਸ ਨੂੰ ਦਿੱਤਾ 2 ਦਿਨ ਦਾ ਅਲਟੀਮੇਟਮ

01/03/2023 7:00:16 PM

ਬੰਗਾ (ਚਮਨ ਲਾਲ / ਰਾਕੇਸ਼)- ਬੀਤੀ ਦੇਰ ਸ਼ਾਮ ਸਥਾਨਕ ਕਜਲਾ ਰੋਡ 'ਤੇ ਸਥਿਤ ਇਕ ਧਾਰਮਿਕ ਕੁੱਟਿਆ ਨਜ਼ਦੀਕ ਜਾਂਦੀ ਨਹਿਰ ਦੇ ਨਾਲ-ਨਾਲ ਬਣੀ ਸੜਕ ਕਿਨਾਰੇ ਖਾਲੀ ਪਏ ਖੇਤਾਂ ਵਿਚ ਤੇਜ਼ਧਾਰ ਹਥਿਆਰ ਨਾਲ ਸਿਲੰਡਰ ਡਿਲੀਵਰ ਕਰਨ ਗਏ ਮੁਲਾਜ਼ਮ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਬੇਸ਼ੱਕ ਬੰਗਾ ਥਾਣਾ ਸਿਟੀ ਪੁਲਿਸ ਨੇ ਮ੍ਰਿਤਕ ਪ੍ਰਵਾਸੀ ਮਜ਼ਦੂਰ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਆਧਾਰ 'ਤੇ ਭਾਰਤੀ ਦੰਡਵਾਲੀ ਦੀ ਧਾਰਾ 302 ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰ ਪੁਲਸ ਵੱਲੋਂ ਕੀਤੀ ਗਈ ਹੁਣ ਤਕ ਦੀ ਕਾਰਵਾਈ ਤੋਂ ਨਾਖੁਸ਼ ਪਰਿਵਾਰਕ ਮੈਂਬਰਾ ਨੇ ਸ਼ਹਿਰ ਵਿਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਨੂੰ ਨਾਲ ਲੈ ਕੇ ਜਿੱਥੇ ਕੰਮਕਾਜ਼ ਬੰਦ ਰੱਖਿਆ ,ਉੱਥੇ ਹੀ ਉਨ੍ਹਾਂ ਨੇ ਪੋਸਟ ਮਾਰਟਮ ਉਪੰਰਤ ਮਿਲੀ ਲਾਸ਼ ਨੂੰ ਸੜਕ ਵਿਚਕਾਰ ਰੱਖ ਸਥਾਨਕ ਥਾਣਾ ਸਿਟੀ ਬਾਹਰ ਜਾਮ ਲਾ ਦਿੱਤਾ। ਜਿਸ ਦੇ ਚੱਲਦੇ ਸ਼ਹਿਰ ਵਿਚ ਚੱਲਣ ਵਾਲਾ ਸਾਰਾ ਟ੍ਰੈਫਿਕ ਜਾਮ ਹੋ ਗਿਆ, ਉੱਥੇ ਹੀ ਸ਼ਹਿਰ ਅੰਦਰ ਦਹਿਸ਼ਤ ਅਤੇ ਸਹਿਮ ਦਾ ਮਾਹੋਲ ਪੈਦਾ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ - ਵੱਡੀ ਵਾਰਦਾਤ: ਗੈਸ ਸਿਲੰਡਰ ਦੀ ਡਿਲੀਵਰੀ ਕਰਨ ਜਾ ਰਹੇ ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਪੁਲਸ ਨੂੰ ਕਤਲ ਦੇ ਮਾਮਲੇ ਵਿਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਹਵਾਲੇ ਕਰਨ ਦੀ ਗੱਲ ਕਹਿ ਰਹੇ ਸਨ ਜਦੋਂ ਕਿ ਪੁਲਸ ਦੇ ਅਧਿਕਾਰੀ ਉਨ੍ਹਾਂ ਨੂੰ ਇਸ ਗੱਲ ਦਾ ਭਰੋਸਾ ਦੇ ਰਹੇ ਸਨ ਕਿ ਉਨ੍ਹਾਂ ਨੂੰ ਥੋੜਾ ਸਮਾਂ ਦਿੱਤਾ ਜਾਵੇ, ਉਹ ਜਲਦ ਹੀ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲੈਣਗੇ। ਪਰ ਪੁਲਸ ਦੇ ਅਧਿਕਾਰੀ ਉਨ੍ਹਾਂ ਨੂੰ ਆਪਣੇ ਭਰੋਸੇ ਵਿਚ ਨਾ ਲੈ ਸਕੇ। ਇਸ ਕਾਰਨ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਵਿਨੈ ਵਰਮਾ ਦੀ ਲਾਸ਼ ਨੂੰ ਲੈ ਕੇ ਮੁੱਖ ਮਾਰਗ 'ਤੇ 4 ਘੰਟੇ ਤੋ ਜ਼ਿਆਦਾ ਸਮੇਂ ਤਕ ਜਾਮ ਲਾ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਮਾਹੌਲ ਵਿਗੜਦਾ ਦੇਖ ਮੌਕੇ 'ਤੇ ਡੀ. ਐੱਸ. ਪੀ. ਬੰਗਾ ਸਰਵਨ ਸਿੰਘ ਬੱਲ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜ ਗਏ ਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਵਾਉਂਦੇ ਹੋਏ ਇਸ ਗੱਲ ਦਾ ਪ੍ਰਗਟਾਵਾ ਕੀਤਾ ਕਿ ਉਨ੍ਹਾਂ ਵੱਲੋਂ ਇਕ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਉਸ ਪਾਸੋਂ ਕਤਲ ਦੀ ਤਫਤੀਸ਼ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਬੰਬ ਮਿਲਣਾ ਗੰਭੀਰ ਮਾਮਲਾ, ਅੱਤਵਾਦ ਵਿਰੁੱਧ ਮਿਲ ਕੇ ਲੜਾਂਗੇ : ਵੜਿੰਗ

ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਹੋਰ ਜ਼ੋਸ ਵਿੱਚ ਆ ਗਏ ਅਤੇ ਉਨ੍ਹਾਂ ਨੇ ਉਕਤ ਕਾਬੂ ਕੀਤੇ ਦੋਸ਼ੀ ਨੂੰ ਉਨ੍ਹਾਂ ਸਾਹਮਣੇ ਪੇਸ਼ ਕਰਨ ਦੀ ਸ਼ਰਤ ਰੱਖ ਦਿੱਤੀ। ਜਿਸ ਤੋਂ ਬਾਅਦ ਡੀ. ਐੱਸ. ਪੀ. ਅਤੇ ਕੁਝ ਪੁਲਸ ਅਧਿਕਾਰੀਆਂ ਜਿਨ੍ਹਾਂ ਵਿਚ ਐੱਸ. ਐੱਚ. ਓ. ਸਦਰ ਬੰਗਾ ਰਾਜੀਵ ਕੁਮਾਰ , ਐੱਸ. ਐੱਚ. ਓ. ਬੰਗਾ ਸਿਟੀ ਮਹਿੰਦਰ ਸਿੰਘ ਨੇ ਉਨ੍ਹਾਂ ਦੀ ਸ਼ਰਤ ਨੂੰ ਮੰਨਦੇ ਹੋਏ ਉਨ੍ਹਾਂ ਪਰਿਵਾਰ ਦੇ ਕੁਝ ਮੈਂਬਰਾ ਨੂੰ ਨਾਲ ਲੈਕੇ ਕਾਬੂ ਕੀਤੇ ਦੋਸ਼ੀ ਨੂੰ ਦੇਖਣ ਲਈ ਨਾਲ ਲੈ ਕੇ ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿਚ ਸੀ. ਆਈ. ਏ. ਸਟਾਫ ਨਵਾਂਸ਼ਹਿਰ ਲੈ ਗਏ। ਪਰ ਉਸ ਤੋਂ ਬਾਅਦ ਵੀ ਪ੍ਰਦਰਸ਼ਨਕਾਰੀਆਂ ਨੇ ਆਪਣਾ ਧਰਨਾ ਜਾਰੀ ਰੱਖਿਆ। ਜਿਸ ਤੋਂ ਬਾਅਦ ਹਲਕਾ ਬੰਗਾ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ, ਸੀ. ਪੀ. ਆਈ. ਐੱਮ. ਦੇ ਰਾਮ ਸਿੰਘ ਨੂਰਪੁਰੀ ,ਕਾਮਰੇਡ ਬਲਿਵੰਦਰ ਪਾਲ ,ਐੱਸ. ਪੀ. ਪੀ. ਬੀ. ਆਈ. ਇਕਬਾਲ ਸਿੰਘ , ਡੀ. ਐੱਸ. ਪੀ. ਐੱਨ. ਡੀ. ਪੀ. ਐੱਸ. ਲਖਵੀਰ ਸਿੰਘ , ਐੱਸ. ਐੱਚ. ਓ. ਸਿਟੀ ਐੱਸ. ਆਈ. ਮਹਿੰਦਰ ਸਿੰਘ , ਐੱਸ. ਐੱਚ. ਓ. ਸਦਰ ਰਾਜੀਵ ਕੁਮਾਰ , ਐੱਸ. ਐੱਚ. ਓ. ਬਹਿਰਾਮ ਗੁਰਦਿਆਲ ਸਿੰਘ , ਐੱਸ. ਐੱਚ. ਓ. ਮੁਕੰਦਪੁਰ ,ਚੌਂਕੀ ਇੰਚਾਰਜ ਕਟਾਰੀਆਂ ਸੰਦੀਪ ਤੇ ਹੋਰਨਾਂ ਦੀ ਹਾਜ਼ਰੀ ਵਿਚ ਪਰਿਵਾਰਕ ਮੈਂਬਰਾ ਨੂੰ ਵੀਰਵਾਰ ਸਵੇਰੇ 10 ਵਜੇ ਤਕ ਕਾਤਲਾਂ ਨੂੰ ਫੜ ਕੇ ਕਾਨੂੰਨ ਮੁਤਾਬਿਕ ਸਖਤ ਤੋ ਸਖਤ ਕਾਰਵਾਈ ਕਰਨ ਦਾ ਭਰੋਸਾ ਦੇਣ ਮਗਰੋਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਵਾ ਉਕਤ ਜਾਮ ਖੁਲਵਾਇਆ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News