ਜਾਅਲੀ ਵੀਜ਼ੇ ਲਾ ਕੇ ਠੱਗੀਆਂ ਮਾਰਨ ਵਾਲਾ ਟਰੈਵਲ ਏਜੰਟ ਪੁਲਸ ਅੜਿੱਕੇ

Monday, Apr 02, 2018 - 01:10 AM (IST)

ਦਸੂਹਾ,   (ਝਾਵਰ)-  ਸਥਾਨਕ ਪੁਲਸ ਵੱਲੋਂ ਜਾਅਲੀ ਵੀਜ਼ੇ ਲਾ ਕੇ ਠੱਗੀਆਂ ਮਾਰਨ ਵਾਲੇ ਟਰੈਵਲ ਏਜੰਟ ਨੂੰ ਕਾਬੂ ਕਰਨ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਪੁੱਤਰ ਸੁਖਵੀਰ ਸਿੰਘ ਵਾਸੀ ਖੁਣਖੁਣ ਕਲਾਂ, ਜੋ ਕਾਰਪੇਂਟਰ ਦਾ ਕੰਮ ਕਰਦਾ ਹੈ, ਨੇ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਦੱਸਿਆ ਕਿ ਪਰਮਜੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਮਹਿਤਾ ਚੌਕ ਅੰਮ੍ਰਿਤਸਰ ਨੇ ਉਸ ਨੂੰ ਅਤੇ ਕੁਝ ਹੋਰ ਵਿਅਕਤੀਆਂ ਨੂੰ ਸਾਈਪ੍ਰਸ ਭੇਜਣ ਦੀ ਆੜ 'ਚ 80 ਹਜ਼ਾਰ ਰੁਪਏ ਮੰਗੇ। ਉਸ ਨੇ ਮੇਰੇ ਤੇ ਹੋਰ ਵਿਅਕਤੀਆਂ ਕੋਲੋਂ 25-25 ਹਜ਼ਾਰ ਅਤੇ 2500 ਰੁਪਏ ਮੈਡੀਕਲ ਲਈ ਐਡਵਾਂਸ 'ਚ ਲੈ ਲਏੇ ਅਤੇ ਜਾਅਲੀ ਵੀਜ਼ੇ ਦਿਖਾ ਕੇ ਲੱਖਾਂ ਰੁਪਏ ਦੀ ਠੱਗੀ ਮਾਰ ਲਈ। ਉਕਤ ਟਰੈਵਲ ਏਜੰਟ ਨੇ ਨਾ ਹੀ ਸਾਨੂੰ ਸਾਈਪ੍ਰਸ ਭੇਜਿਆ ਅਤੇ ਨਾ ਹੀ ਸਾਡੇ ਪੈਸੇ ਵਾਪਸ ਕੀਤੇ। ਐੱਸ.ਐੱਸ.ਪੀ. ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਥਾਣਾ ਮੁਖੀ ਪਲਵਿੰਦਰ ਸਿੰਘ ਦੀ ਅਗਵਾਈ 'ਚ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਉਪਰੰਤ ਦੋਸ਼ੀ ਪਰਮਜੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਮਹਿਤਾ ਚੌਕ ਅੰਮ੍ਰਿਤਸਰ ਖਿਲਾਫ਼ ਆਈ.ਪੀ. ਸੀ. ਦੀ ਧਾਰਾ 420, 467, 468, 471 ਅਧੀਨ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੂੰ ਕੱਲ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਵਰਣਨਯੋਗ ਹੈ ਕਿ ਉਕਤ ਟਰੈਵਲ ਏਜੰਟ ਪਰਮਜੀਤ ਸਿੰਘ ਖਿਲਾਫ਼ ਥਾਣਾ ਮਹਿਤਾ ਵਿਖੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਹੈ, ਜਿਸ 'ਚ ਪਰਮਜੀਤ ਸਿੰਘ ਕਰੀਬ ਸਾਢੇ 4 ਸਾਲ ਜੇਲ 'ਚ ਰਹਿ ਕੇ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਸੀ।
ਹੋਰ ਸੂਚਨਾ ਅਨੁਸਾਰ ਇਸ ਟਰੈਵਲ ਏਜੰਟ ਨੇ ਲਗਭਗ 200 ਤੋਂ ਵੱਧ ਨੌਜਵਾਨਾਂ ਨਾਲ ਠੱਗੀ ਮਾਰੀ ਹੈ, ਜਿਨ੍ਹਾਂ 'ਚ 80 ਤੋਂ ਵੱਧ ਦਸੂਹਾ ਇਲਾਕੇ ਦੇ ਨੌਜਵਾਨ ਹਨ ਅਤੇ ਇਸ ਦਾ ਸਬੰਧ ਜਲੰਧਰ ਤੇ ਚੇਨਈ ਨਾਲ ਦੱਸਿਆ ਜਾ ਰਿਹਾ ਹੈ। ਉਹ ਇਕ ਅੰਤਰਰਾਜੀ ਟਰੈਵਲ ਏਜੰਟ ਠੱਗ ਗਿਰੋਹ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ 30 ਲੱਖ ਤੋਂ ਵੀ ਵੱਧ ਰੁਪਏ ਇਸ ਟਰੈਵਲ ਏਜੰਟ ਨੇ ਨੌਜਵਾਨਾਂ ਕੋਲੋਂ ਠੱਗੇ ਹਨ।


Related News